ਚੰਡੀਗੜ੍ਹ: ਪੰਜਾਬ ਦੇ ਸਭ ਤੋਂ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਨੇ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ ਹੈ। ਗੌਂਡਰ ਨੇ ਫੇਸਬੁੱਕ 'ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਤਾਰੀਫ ਕਰਦੇ ਹੋਏ ਕੈਪਟਨ ਨੂੰ ਜੰਮ ਕੇ ਨੁਕਤਾਚੀਨੀ ਕੀਤੀ ਹੈ।
ਗੌਂਡਰ ਨੇ ਕਿਹਾ ਹੈ ਕਿ ਉਹ ਬਾਦਲ ਦਾ ਬਹੁਤ ਸਤਿਕਾਰ ਕਰਦਾ ਹੈ। ਵਿੱਕੀ ਨੇ ਬਾਦਲ ਤੋਂ ਮੰਗ ਕੀਤੀ ਹੈ ਕਿ ਪਿਛਲੇ ਦਿਨੀਂ ਬਠਿੰਡਾ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਪ੍ਰਭਦੀਪ ਸਿੰਘ ਦੀਪ ਦੀ ਪਤਨੀ ਅਵਰੀਨ ਨੂੰ ਇਨਸਾਫ਼ ਦੁਆਇਆ ਜਾਵੇ।
ਗੌਂਡਰ ਨੇ ਬਠਿੰਡਾ ਪੁਲਿਸ ਵੱਲੋਂ ਪ੍ਰਭਦੀਪ ਸਿੰਘ ਨਾਲ ਹੋਏ ਪੁਲਿਸ ਮੁਕਾਬਲੇ ਨੂੰ ਫੇਰ ਝੂਠਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਪੁਲਿਸ ਨੇ ਪ੍ਰਭਦੀਪ ਦਾ ਨਾਮ ਨਾਜਾਇਜ਼ ਹੀ ਉਸ ਦੇ ਗੈਂਗ ਨਾਲ ਜੋੜ ਦਿੱਤਾ ਜਦੋਂਕਿ ਉਸ ਦਾ ਵਿੱਕੀ ਗਰੁੱਪ ਨਾਲ ਕੋਈ ਸਬੰਧ ਨਹੀਂ ਸੀ।
ਬਾਦਲ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਵਿੱਕੀ ਨੇ ਲਿਖਿਆ ਹੈ "ਸਰ ਤੁਹਾਨੂੰ ਮੇਰੀ ਰਿਕੁਐਸਟ ਆ ਕਿ ਤੁਸੀਂ ਪ੍ਰਭਦੀਪ ਦੀ ਪਤਨੀ ਅਵਰੀਨ ਨੂੰ ਇਨਸਾਫ਼ ਦੁਆਓ। ਉਸ ਨੂੰ ਉਸ ਦਾ ਦਾ ਹੱਕ ਦਿਵਾਓ। ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਹਾਂ। ਮੈਨੂੰ ਉਮੀਦ ਹੈ ਤੁਸੀਂ ਇਨ੍ਹਾਂ ਦੀ ਹੈਲਪ ਕਰੋਗੇ ਜੋ ਬਣਦਾ ਇਨਸਾਫ਼ ਕਰਵਾਉਗੇ ਸਰ।"
ਦੂਜੇ ਪਾਸੇ ਇਸੇ ਪੋਸਟ ਦੇ ਪਹਿਲੇ ਹਿੱਸੇ ਵਿੱਚ ਵਿੱਕੀ ਗੌਂਡਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਖ਼ਿਲਾਫ਼ ਖ਼ੂਬ ਭੜਾਸ ਕੱਢਦੇ ਹੋਏ ਕਾਫ਼ੀ ਹਲਕੀ ਸ਼ਬਦਾਵਲੀ ਵੀ ਵਰਤੀ ਹੈ। ਇਸ ਦੇ ਨਾਲ ਹੀ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਨੌਕਰੀ ਦੇਣ, ਸਮਾਰਟਫ਼ੋਨ ਦੇਣ ਤੇ ਬੁਢਾਪਾ ਪੈਨਸ਼ਨ ਦੇਣ ਦੇ ਵਾਅਦਿਆਂ ਤੋਂ ਫਿਰਾਂ ਦੇ ਦੋਸ਼ ਵੀ ਲਏ ਹਨ।