ਫਿਰੋਜ਼ਪੁਰ: ਤਸਕਰਾਂ ਦੇ ਵਟਸਐਪ ਨੇ ਕੱਟਿਆ ਪੁਲਿਸ ਦਾ ਕੁਨੈਕਸ਼ਨ। ਜੀ ਹਾਂ, ਸਰਹੱਦ ਪਾਰੋਂ ਹੁੰਦੀ ਤਸਕਰੀ `ਤੇ ਪੂਰੀ ਤਰ੍ਹਾਂ ਨਕੇਲ ਕੱਸਣ ਵਿੱਚ ਖੂਫੀਆ ਏਜੰਸੀਆਂ ਕਿਉਂ ਨਾਕਾਮ ਸਾਬਤ ਹੋ ਰਹੀਆਂ ਹਨ? ਇਸ ਤੋਂ ਪਰਦਾ ਉਠਾਉਂਦਿਆਂ ਕਾਊਂਟਰ ਇੰਟੈਲੀਜੈਂਸ ਦੇ ਏ.ਆਈ.ਜੀ. ਨਰਿੰਦਰਪਾਲ ਨੇ ਸਪੱਸ਼ਟ ਕੀਤਾ ਕਿ ਹੁਣ ਸਰਹੱਦ ਪਾਰ ਬੈਠੇ ਤਸਕਰ ਪਾਕਿ ਸੀਮਾ ਦੀ ਜ਼ਿਆਦਾ ਵਰਤੋਂ ਨਾ ਕਰਦੇ ਹੋਏ ਵਟਸਐਪ ਕਾਲਿੰਗ ਦਾ ਸਹਾਰਾ ਲੈ ਰਹੇ ਹਨ।
ਦੇਸ਼ ਦੀਆਂ ਖੂਫੀਆ ਏਜੰਸੀਆਂ ਕੋਲ ਵਟਸਐਪ ਕਾਲ ਟਰੇਸ ਕਰਨ ਦਾ ਕੋਈ ਵੀ ਯੰਤਰ ਨਾ ਹੋਣ ਕਰਕੇ ਅਸਮਰਥ ਸਾਬਤ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ ਵਟਸਐਪ ਦਾ ਸਰਵਰ ਅਮਰੀਕਾ ਹੋਣ ਕਰਕੇ ਵਾਈਸ ਕਾਲ ਦੀ ਇਨਫਰਮੇਸ਼ਨ ਭਾਰਤੀ ਖੂਫੀਆ ਏਜੰਸੀਆਂ ਜੁਟਾਉਣ ਵਿੱਚ ਅਸਮਰਥ ਹਨ। ਇਸ ਦਾ ਸਿੱਧਾ-ਸਿੱਧਾ ਫਾਇਦਾ ਤਸਕਰਾਂ ਨੂੰ ਹੋ ਰਿਹਾ ਹੈ। ਇੱਥੋਂ ਤੱਕ ਕਿ ਤਸਕਰੀ ਦਾ ਪੈਸਾ ਵੀ ਹਵਾਲਾ ਕਾਰੋਬਾਰੀ ਦਿੱਲੀ ਰਾਹੀਂ ਵਿਦੇਸ਼ਾਂ ਤੋਂ ਸੀਮਾ ਪਾਰ ਪਹੁੰਚਉਂਦੇ ਹਨ।
ਅਜੋਕੇ ਦੌਰ ਦੇ ਵਟਸਐਪ ਦਾ ਫਾਇਦਾ ਦੇਸ਼ ਵਿਰੋਧੀ ਤਾਕਤਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਵਟਸਐਪ ਦੀਆਂ ਵਾਈਸ ਕਾਲਾਂ ਦਾ ਇੰਟਰਸੈਪਸ਼ਨ ਭਾਰਤ ਵਿੱਚ ਨਾ ਹੋਣ ਕਰਕੇ ਸੀਮਾ ਪਾਰ ਬੈਠੇ ਤਸਕਰ ਪਾਕਿ ਦੀਆਂ ਸਰਹੱਦਾਂ ਦੀ ਬਜਾਏ ਵਟਸਐਪ ਦਾ ਸਹਾਰਾ ਲੈ ਰਹੇ ਹਨ। ਇਸ ਸਦਕਾ ਭਾਰਤ ਦੀਆਂ ਖੂਫੀਆਂ ਏਜੰਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਭਾਵੇਂ ਸਮੇਂ-ਸਮੇਂ 'ਤੇ ਕਈ ਤਸਕਰਾਂ ਨੂੰ ਕਾਬੂ ਕਰਨ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਕਾਮਯਾਬੀ ਹਾਸਲ ਕਰਕੇ ਹੈਰੋਇਨ ਆਦਿ ਬਰਾਮਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਜਿਹੜੀ ਤਸਕਰੀ ਪੁਲਿਸ ਜਾਂ ਬੀ.ਐਸ.ਐਫ ਦੇ ਜਵਾਨ ਜਬਤ ਕਰਦੇ ਹਨ, ਉਸ ਦੀ ਅਦਾਇਗੀ ਵੀ ਭਾਰਤੀ ਤਸਕਰਾਂ ਨੂੰ ਨਹੀਂ ਕਰਨੀ ਪੈਂਦੀ ਤੇ ਭਾਰਤ ਦੀਆਂ ਖੂਫੀਆ ਏਜੰਸੀਆਂ ਵਟਸਐਪ ਦੀ ਵਾਈਸ ਕਾਲ ਦਾ ਤੋੜ ਲੱਭਣ ਵਿੱਚ ਵੀ ਜੁਟੀਆਂ ਹੋਈਆਂ ਹਨ। ਸਰਹੱਦ ਪਾਰੋਂ ਹੁੰਦੀ ਤਸਕਰੀ ਦੀ ਗੱਲ ਕਰਦਿਆਂ ਕਾਊਂਟਰ ਇੰਟੈਲੀਜੈਂਸ ਦੇ ਏ.ਆਈ.ਜੀ ਨਰਿੰਦਰਪਾਲ ਨੇ ਸਪੱਸ਼ਟ ਕੀਤਾ ਕਿ ਜਿੱਥੇ ਤਸਕਰ ਵਟਸਐਪ ਕਾਲਿੰਗ ਦਾ ਸਹਾਰਾ ਲੈ ਰਹੇ ਹਨ, ਉੱਥੇ ਇਸ ਦਾ ਪੈਸਾ ਭਾਰਤ ਤੋਂ ਦਿੱਲੀ ਰਾਹੀਂ ਵਿਦੇਸ਼ੀ ਧਰਤੀ ਤੋਂ ਹੁੰਦਾ-ਹੋਇਆ ਹਵਾਲਾ ਕਾਰੋਬਾਰੀਆਂ ਰਾਹੀਂ ਸੀਮਾ ਪਾਰ ਜਾਂਦਾ ਹੈ।
ਸੀਮਾ ਪਾਰ ਤੋਂ ਤਸਕਰਾਂ ਨੂੰ ਮਿਲਦੀ ਸਹੂਲਤ ਦਾ ਖੁਲਾਸਾ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਜਿਹੜੀ ਤਸਕਰੀ ਪੁਲਿਸ ਜਾਂ ਬੀ.ਐਸ.ਐਫ ਬਰਾਮਦ ਕਰਦੀ ਹੈ, ਉਸ ਦੀ ਅਦਾਇਗੀ ਭਾਰਤੀ ਤਸਕਰਾਂ ਨੂੰ ਨਹੀਂ ਕਰਨੀ ਪੈਂਦੀ। ਉਨ੍ਹਾਂ ਕਿਹਾ ਕਿ ਤਸਕਰਾਂ ਵੱਲੋਂ ਪਾਕਿ ਸੀਮਾਂ ਦੀ ਵਰਤੋਂ ਕਰਨ ਦੀ ਬਜਾਏ ਵਟਸਐਪ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਦਾ ਸਰਵਰ ਅਮਰੀਕਾ ਹੋਣ ਕਰਕੇ ਇਸ ਦੀ ਕੋਈ ਵੀ ਜਾਣਕਾਰੀ ਜੁਟਾਉਣ ਵਿੱਚ ਭਾਰਤੀ ਏਜੰਸੀਆਂ ਅਸਮਰਥ ਹਨ।