ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦਾ ਦੂਜਾ ਦਿਨ ਹੰਗਾਮੇ ਭਰਿਆ ਰਿਹਾ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਮਹਿੰਗੀ ਬਿਜਲੀ, ਬੇਅਦਬੀ ਮਾਮਲਿਆਂ ਬਾਰੇ ਬੇਸਿੱਟਾ ਜਾਂਚਾਂ ਤੇ ਸਦਨ 'ਚ ਪੇਸ਼ ਕੀਤੇ ਜਾਣ ਵਾਲੇ ਬਿੱਲ ਮੈਂਬਰ ਵਿਧਾਇਕਾਂ ਨੂੰ ਰੂਲ ਬੁੱਕ ਨਿਯਮਾਂ-ਕਾਨੂੰਨਾਂ ਅਨੁਸਾਰ ਪਹਿਲਾਂ ਭੇਜਣ ਦੀ ਥਾਂ ਐਨ ਮੌਕੇ 'ਤੇ ਦਿੱਤੇ ਜਾਣ ਦੇ ਵਿਰੋਧ 'ਚ ਵਾਕਆਊਟ ਕੀਤਾ। ਇਸ ਤੋਂ ਪਹਿਲਾਂ 'ਆਪ' ਵਿਧਾਇਕਾਂ ਨੇ ਸਪੀਕਰ ਸਾਹਮਣੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ।

ਵਾਕਆਊਟ ਕਰਨ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਨੇ ਦੱਸਿਆ ਕਿ ਕੈਪਟਨ ਸਰਕਾਰ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਹਰ ਮੁਹਾਜ਼ 'ਤੇ ਫ਼ੇਲ੍ਹ ਸਾਬਤ ਹੋਈ ਹੈ। ਅਰੋੜਾ ਨੇ ਬੇਅਦਬੀ ਮਾਮਲੇ 'ਤੇ ਕਿਹਾ ਕਿ 4 ਸਾਲਾਂ 'ਚ ਵੱਖ-ਵੱਖ ਵਿਸ਼ੇਸ਼ ਜਾਂਚ ਟੀਮਾਂ (ਸਿਟ), ਜਸਟਿਸ ਰਣਜੀਤ ਸਿੰਘ ਕਮਿਸ਼ਨ ਸਮੇਤ ਵੱਖ-ਵੱਖ ਜੁਡੀਸ਼ੀਅਲ ਜਾਂਚਾਂ ਤੇ ਸੀਬੀਆਈ ਦੀ ਜਾਂਚ ਦੌਰਾਨ ਹੁਣ ਤੱਕ ਕੀ ਨਿਚੋੜ ਸਾਹਮਣੇ ਆਇਆ ਹੈ। ਸਰਕਾਰ ਇਸ ਬਾਰੇ 'ਵਾਈਟ ਪੇਪਰ' ਜਾਰੀ ਕਰੇ। 'ਆਪ' ਆਗੂਆਂ ਨੇ ਇਸ ਮੁੱਦੇ 'ਤੇ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਦੀ ਮੰਗ ਵੀ ਸਦਨ ਦੇ ਅੰਦਰ ਤੇ ਬਾਹਰ ਰੱਖੀ।

ਅਮਨ ਅਰੋੜਾ ਨੇ ਦੱਸਿਆ ਕਿ ਸੂਬੇ 'ਚ ਹੱਦੋਂ ਵੱਧ ਮਹਿੰਗੀ ਬਿਜਲੀ ਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਮਾਰੂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਦੀ ਮੰਗ ਨੂੰ ਲੈ ਕੇ 'ਕੰਮ ਰੋਕੂ' ਪ੍ਰਸਤਾਵ ਲਿਆਂਦਾ ਗਿਆ ਸੀ, ਪਰ ਉਸ ਨੂੰ ਵੀ ਸਵੀਕਾਰ ਨਹੀਂ ਕੀਤਾ ਗਿਆ। ਇਸ ਕਰਕੇ 'ਆਪ' ਨੇ ਰੋਸ ਵਜੋਂ 'ਵਾਕਆਊਟ' ਕੀਤਾ ਹੈ। ਉਨ੍ਹਾਂ ਨੇ ਸਰਕਾਰ ਤੇ ਸਪੀਕਰ ਵੱਲੋਂ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਪੱਖਪਾਤ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ 'ਬਿੱਲਾਂ ਦੀ ਪੇਸ਼ਕਾਰੀ ਤੇ ਜਨਤਕ ਕਰਨ ਲਈ ਤੈਅ ਨਿਯਮਾਵਲੀ 115 ਅਨੁਸਾਰ ਕੋਈ ਵੀ ਬਿੱਲ ਪੇਸ਼ ਕਰਨ ਲਈ 15 ਦਿਨ ਦਾ ਨੋਟਿਸ ਦੇਣਾ ਹੁੰਦਾ ਹੈ ਤਾਂ ਕਿ ਬਿੱਲ 'ਤੇ ਬਹਿਸ 'ਚ ਹਿੱਸਾ ਲੈਣ ਲਈ ਮੈਂਬਰ ਵਿਧਾਇਕ ਤਿਆਰੀ ਕਰ ਸਕਣ ਪਰ ਹਰ ਵਾਰ ਐਨ ਮੌਕੇ ਸਿਰ ਬਿੱਲ ਸਾਹਮਣੇ ਰੱਖਿਆ ਜਾਂਦਾ ਹੈ, ਜੋ ਨਿਯਮ ਕਾਨੂੰਨ ਤੇ ਮੈਂਬਰ ਵਿਧਾਇਕਾਂ ਦੀ ਤੌਹੀਨ ਹੈ।

ਇਸ ਤੋਂ ਪਹਿਲਾਂ ਸਦਨ 'ਚ ਇਸ ਮੁੱਦੇ 'ਤੇ ਸਪੀਕਰ ਰਾਣਾ ਕੇਪੀ ਸਿੰਘ ਨੇ 'ਆਪ' ਵਿਧਾਇਕਾਂ ਦੇ ਇਤਰਾਜ਼ ਨਾਲ ਇਤਫ਼ਾਕ ਜਤਾਉਂਦੇ ਹੋਏ ਗੇਂਦ ਸਰਕਾਰ ਦੇ ਪਾਲੇ 'ਚ ਸੁੱਟ ਦਿੱਤੀ। ਇਸ 'ਤੇ ਪਾਰਲੀਮਾਨੀ ਮੰਤਰੀ ਬ੍ਰਹਮ ਮਹਿੰਦਰਾ ਨੇ ਪਹਿਲਾਂ ਤਾਂ ਬਿੱਲ ਇੱਕ ਦਿਨ ਪਹਿਲਾਂ ਮੈਂਬਰ ਵਿਧਾਇਕਾਂ ਦੇ ਘਰ ਪੁੱਜਦੇ ਕਰਨ ਦਾ ਦਾਅਵਾ ਕੀਤਾ ਪਰ ਜਦ ਤਿੱਖਾ ਵਿਰੋਧ ਹੋਇਆ ਤਾਂ ਉਨ੍ਹਾਂ ਸਾਰਾ ਠੀਕਰਾ ਅਫ਼ਸਰਸ਼ਾਹੀ ਸਿਰ ਭੰਨ੍ਹਦੇ ਹੋਏ ਇਕਬਾਲ ਕੀਤਾ ਕਿ ਸਰਕਾਰ ਇਸ ਲਈ ਅਸਫਲ ਰਹੀ ਹੈ ਤੇ ਅੱਗੇ ਤੋਂ ਧਿਆਨ ਰੱਖਿਆ ਜਾਵੇਗਾ।

ਵਾਕਆਊਟ ਕਰਨ ਵਾਲਿਆਂ 'ਚ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਸਮੇਤ ਕੁਲਤਾਰ ਸਿੰਘ ਸੰਧਵਾਂ, ਬੀਬੀ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਜੈ ਕ੍ਰਿਸ਼ਨ ਸਿੰਘ ਰੋੜੀ, ਪ੍ਰਿੰਸੀਪਲ ਬੁੱਧਰਾਮ, ਮੀਤ ਹੇਅਰ ਤੇ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਸਨ।