ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਧਰਮਸੋਤ ਦੀ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਹੋਈ। ਪੁਲਿਸ ਨੇ ਦੋ ਦਿਨ ਹੋਰ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਇਸ ਤੋਂ ਪਹਿਲਾਂ ਪੁਲਿਸ ਨੇ 6 ਦਿਨਾਂ ਦੇ ਰਿਮਾਂਡ 'ਤੇ ਧਰਮਸੋਤ ਤੋਂ ਪੁੱਛਗਿੱਛ ਕੀਤੀ ਹੈ। ਵਿਜੀਲੈਂਸ ਨੇ ਧਰਮਸੋਤ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਮੁਤਾਬਕ ਇਸ ਦੌਰਾਨ ਕਾਫੀ ਕੁਝ ਸਾਹਮਣੇ ਆਇਆ ਹੈ।


ਸੂਤਰਾਂ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 16 ਡਵੀਜ਼ਨਲ ਜੰਗਲਾਤ ਅਫਸਰਾਂ (ਡੀਐਫਓ) ਦੀ ਤਾਇਨਾਤੀ ਲਈ ਰਿਸ਼ਵਤ ਲਈ ਗਈ ਸੀ। ਵਿਜੀਲੈਂਸ ਨੇ ਇਨ੍ਹਾਂ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਕਿੰਨੇ ਪੈਸੇ ਦਿੱਤੇ ਸੀ।


ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ ਅਮਲੋਹ ਸਥਿਤ ਉਨ੍ਹਾਂ ਦੇ ਘਰੋਂ ਤੜਕੇ 3 ਵਜੇ ਕਾਬੂ ਕੀਤਾ। ਧਰਮਸੋਤ 'ਤੇ ਜੰਗਲਾਤ ਮੰਤਰੀ ਹੁੰਦਿਆਂ ਦਰੱਖਤ ਕੱਟਣ ਦੇ ਬਦਲੇ 500 ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਵਿਜੀਲੈਂਸ ਮੁਤਾਬਕ 25 ਹਜ਼ਾਰ ਖੈਰ ਦੇ ਰੁੱਖਾਂ ਦੇ ਬਦਲੇ ਉਸ ਨੇ 1.25 ਕਰੋੜ ਰੁਪਏ ਇਕੱਠੇ ਕੀਤੇ। ਇਹ ਖ਼ੁਲਾਸਾ ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਠੇਕੇਦਾਰ ਤੇ ਇੱਕ ਡੀਐਫ਼ਓ ਤੋਂ ਪੁੱਛਗਿੱਛ ਦੌਰਾਨ ਹੋਇਆ।


ਵਿਜੀਲੈਂਸ ਬਿਊਰੋ ਇਸ ਮਾਮਲੇ ਵਿੱਚ ਧਰਮਸੋਤ ਦੇ ਬੈਂਕ ਖਾਤੇ ਤੇ ਜਾਇਦਾਦ ਦੇ ਵੇਰਵਿਆਂ ਦੀ ਜਾਂਚ ਕਰ ਰਿਹਾ ਹੈ। ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਵਿਜੀਲੈਂਸ ਬਿਊਰੋ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ। ਇਸ ਦੇ ਨਾਲ ਹੀ ਧਰਮਸੋਤ ਦਾ ਕਹਿਣਾ ਹੈ ਕਿ ਉਹ ਹਰ ਚੋਣ ਦੌਰਾਨ ਆਪਣੀ ਜਾਇਦਾਦ ਦੀ ਜਾਣਕਾਰੀ ਦਿੰਦੇ ਰਹੇ ਹਨ। ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Power crisis in Punjab: ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ 'ਚ ਬਿਜਲੀ ਸੰਕਟ, ਗਰਮੀ 'ਚ 8-9 ਘੰਟਿਆਂ ਦੇ ਕੱਟ