ਚੰਡੀਗੜ੍ਹ: ਵਿਜੀਲੈਂਸ ਵਿਭਾਗ ਨੇ ਸਾਬਕਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੇ ਕਾਰਜਕਾਲ ਵਿੱਚ ਹੋਏ ਕੰਮ, ਸੀਐਲਯੂ ਤੇ ਹੋਰ ਅਲਾਟਮੈਂਟਸ ਦਾ ਰਿਕਾਰਡ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਚੰਡੀਗੜ੍ਹ ਤੋਂ ਵਿਜੀਲੈਂਸ ਦੀ 15 ਮੈਂਬਰੀ ਟੀਮ ਨੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਛਾਪਾ ਮਾਰਿਆ।

ਡੀਐਸਪੀ ਤਜਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਇੰਜੀਨੀਅਰਿੰਗ ਬ੍ਰਾਂਚ, ਸੈੱਲ ਬ੍ਰਾਂਚ ਤੇ ਲੀਗਲ ਬ੍ਰਾਂਚ ਵਿੱਚ ਜਾ ਕੇ ਰਿਕਾਰਡ ਚੈੱਕ ਕੀਤੇ। ਵਿਜੀਲੈਂਸ ਦੇ ਡੀਐਸਪੀ ਨੇ ਈਓ ਜੀਵਨ ਬਾਂਸਲ ਤੇ ਐਸਈ ਰਾਕੇਸ਼ ਗਰਗ ਦੇ ਦਫ਼ਤਰ ਦਾ ਰਿਕਾਰਡ ਮੰਗਵਾਇਆ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਜ਼ੀਰਕਪੁਰ ਨਿਗਮ ਅਧੀਨ ਆਉਂਦੇ ਇਲਾਕੇ ਵਿੱਚ ਬਣੀਆਂ ਨਾਜਾਇਜ਼ ਕਾਲੋਨੀਆਂ ਦਾ ਰਿਕਾਰਡ ਖੰਘਾਲਣਾ ਸ਼ੁਰੂ ਕੀਤਾ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਰਮਿਆਨ ਜਾਰੀ ਖਹਿਬਾਜ਼ੀ ਦੌਰਾਨ ਇਹ ਵਿਜੀਲੈਂਸ ਜਾਂਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ, ਕੈਪਟਨ ਨੇ ਸਿੱਧੂ ਨੂੰ ਨਵਾਂ ਬਿਜਲੀ ਮਹਿਕਮਾ ਸੌਂਪਿਆ ਹੈ, ਪਰ ਨਵਜੋਤ ਸਿੱਧੂ ਨੇ ਹਾਲੇ ਤਕ ਨਵੇਂ ਮੰਤਰੀ ਦਾ ਕਾਰਜਭਾਰ ਨਹੀਂ ਸੰਭਾਲਿਆ। ਉੱਧਰ, ਪਾਰਟੀ ਹਾਈ ਕਮਾਨ ਵੱਲੋਂ ਦੋਵਾਂ ਦੇ ਵਿਵਾਦ ਨੂੰ ਸੁਲਝਾਉਣ ਲਈ ਚੁੱਕੇ ਕਦਮ ਵੀ ਕਾਰਗਰ ਸਾਬਤ ਹੁੰਦੇ ਨਹੀਂ ਦਿਖਾਈ ਰਹੇ।