ਰਮਨਦੀਪ ਕੌਰ

ਸ੍ਰੀ ਆਨੰਦਪੁਰ ਸਾਹਿਬ: ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਸਿਆਸੀ ਪਾਰਟੀਆਂ ਦੇਸ਼ ਦੀ ਕਮਾਨ ਸਾਂਭਣ ਲਈ ਉਤਾਵਲੀਆਂ ਹੋਈਆਂ ਪਈਆਂ ਹਨ। ਲੋਕ ਵੀ ਆਪੋ-ਆਪਣਾ ਉਮੀਦਵਾਰ ਸੋਚੀ ਬੈਠੇ ਹਨ ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਨਵੀਂ ਮਿਸਾਲ ਦੇਖਣ ਨੂੰ ਮਿਲੇਗੀ। ਦਰਅਸਲ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਮੀਢਵਾਂ ਦੇ ਕਰੀਬ ਸਾਰੇ ਲੋਕ ਕਿਸੇ ਲੀਡਰ ਨੂੰ ਵੋਟ ਨਹੀਂ ਪਾ ਰਹੇ ਬਲਕਿ ਨੋਟਾ ਦਬਾ ਰਹੇ ਹਨ। ਪਿੰਡ ਦੀਆਂ ਕਰੀਬ 600 ਵੋਟਾਂ ਹਨ ਪਰ ਇਹ ਕਿਸੇ ਲੀਡਰ ਦੇ ਹੱਕ 'ਚ ਨਹੀਂ ਜਾਣਗੀਆਂ।

ਹਾਸਲ ਜਾਣਕਾਰੀ ਮੁਤਾਬਕ ਪਿੰਡ ਵਿੱਚ ਲੰਮੇ ਸਮੇਂ ਤੋਂ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਹੈ ਜਿਸ ਕਾਰਨ ਪਿੰਡ ਵਿੱਚ ਬਿਮਾਰੀਆਂ ਦੀ ਸਮੱਸਿਆ ਰਹਿੰਦੀ ਹੈ। ਪਿੰਡ ਵਿੱਚ 70 ਸਾਲ ਤੋਂ ਵੀ ਵੱਧ ਪੁਰਾਣਾ ਸਕੂਲ ਹੈ ਪਰ ਅੱਠਵੀਂ ਸਿਰਫ ਜਮਾਤ ਤਕ। ਪਿੰਡ ਵਾਸੀਆਂ ਨੇ ਸਕੂਲ ਨੂੰ 12ਵੀਂ ਜਮਾਤ ਤੱਕ ਕੀਤੇ ਜਾਣ ਲਈ ਕਈ ਲੀਡਰਾਂ ਤੇ ਪ੍ਰਸ਼ਾਸਨ ਨੂੰ ਚਾਰਾਜ਼ੋਈ ਕੀਤੀ ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋਈ। ਹੁਣ ਆਖਰ ਅੱਕ ਕੇ ਇਨ੍ਹਾਂ ਪਿੰਡ ਵਾਸੀਆਂ ਨੇ ਨੋਟਾ ਦਬਾਉਣ ਦਾ ਫੈਸਲਾ ਲਿਆ ਹੈ।

ਪਿੰਡ ਦੇ ਨੌਜਵਾਨਾਂ ਨੇ ਰਲ ਕੇ ਪਿੰਡ ਵਿੱਚ ਇਕ ਨੌਜਵਾਨ ਕਲੱਬ ਦਾ ਗਠਨ ਕੀਤਾ ਹੈ ਪਿੰਡ ਦੇ ਨੌਜਵਾਨ ਅੱਗੇ ਲੱਗ ਕੇ ਪਿੰਡ ਦੇ ਬਜ਼ੁਰਗਾਂ ਨੂੰ ਨਾਲ ਲੈ ਕੇ ਘਰ-ਘਰ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ। ਮਹਿਲਾਵਾਂ ਨੇ ਵੀ ਆਪਣੇ ਦੁੱਖੜੇ ਸੁਣਾਉਂਦਿਆਂ ਨੋਟਾ ਨੂੰ ਤਰਜੀਹ ਦੇਣ ਦੀ ਹਾਮੀ ਭਰੀ ਹੈ। ਪਿੰਡ ਦਾ ਇਕ ਅਜਿਹਾ ਹਿੱਸਾ ਹੈ ਜੋ ਇਸ ਪਿੰਡ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦਾ ਹੈ।

ਦਰਅਸਲ ਪਿੰਡ ਦੇ ਵਿਚਾਲੇ ਡੂੰਘਾ ਨਾਲਾ ਵਗਦਾ ਹੈ ਜਿਸ ‘ਤੇ ਕੋਈ ਪੁਲ ਨਾ ਹੋਣ ਕਾਰਨ ਲੋਕ ਪਾਣੀ ‘ਚੋਂ ਲੰਘਣ ਲਈ ਮਜਬੂਰ ਹਨ। ਬਰਸਾਤਾਂ ਸੇ ਦਿਨਾਂ ਵਿੱਚ ਇਸ ਨਾਲੇ ਦਾ ਪਾਣੀ 10-12 ਫੁੱਟ ਤੱਕ ਪਹੁੰਚ ਜਾਂਦਾ ਹੈ। ਬੱਚਿਆਂ ਨੂੰ ਸਕੂਲ-ਕਾਲਜ ਤਕ ਜਾਣ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਕਿ ਕੋਈ ਬਿਮਾਰ ਹੋਵੇ ਤਾਂ ਵੀ ਪਾਣੀ ਚੋਂ ਲਿਜਾਣ ਲਈ ਬਹੁਤ ਦਿੱਕਤ ਆਂਉਂਦੀ ਹੈ। ਇਹ ਲੋਕ ਸਿਸਟਮ ਤੋਂ ਨਿਰਾਸ਼ ਹੋਕੇ ਹੁਣ ਨੋਟਾ ਦਾ ਬਟਨ ਦਬਾ ਕੇ ਸਿਆਸੀ ਲੀਡਰਾਂ ਖ਼ਿਲਾਫ਼ ਫ਼ਤਵਾ ਜਾਰੀ ਕਰ ਰਹੇ ਹਨ।