ਪਟਿਆਲਾ: ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪੁਣੇ (ਮਹਾਰਾਸ਼ਟਰ) ਵਿਚ ਭੀਮਾ-ਕੋਰੇਗਾਓਂ ਲੜਾਈ ਦੀ 200 ਸਾਲਾ ਬਰਸੀ ਮਨਾ ਰਹੇ ਦਲਿਤਾਂ ਉੱਪਰ ਹਿੰਦੂਤਵੀ ਜਥੇਬੰਦੀਆਂ ਵਲੋਂ ਹਿੰਸਕ ਹਮਲੇ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਜਗਮੋਹਣ ਸਿੰਘ ਨੇ ਸਮੂਹ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਹਿੰਦੂ ਹੰਕਾਰਵਾਦੀ ਤਾਕਤਾਂ ਦੇ ਦਲਿਤਾਂ ਦੇ ਸਾਲਾਨਾ ਸਮਾਗਮ 'ਤੇ ਹਮਲਿਆਂ ਦਾ ਡੱਟ ਕੇ ਵਿਰੋਧ ਕਰਨ ਅਤੇ ਇਸ ਯੋਜਨਾਬੱਧ ਹਿੰਸਾ ਪਿੱਛੇ ਕੰਮ ਕਰਦੀ ਖ਼ਤਰਨਾਕ ਹਿੰਦੂਤਵੀ ਸਾਜ਼ਿਸ਼ ਨੂੰ ਬੇਪਰਦ ਕਰਦੇ ਹੋਏ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ।
ਪਟਿਆਲਾ ਦੇ ਨਹਿਰੂ ਪਾਰਕ ਵਿੱਚ 3 ਇਨਕਲਾਬੀ ਜੱਥੇਬੰਦੀਆਂ ਜਮਹੂਰੀ ਅਧਿਕਾਰ ਸਭਾ, ਇਨਕਲਾਬੀ ਲੋਕ ਮੋਰਚਾ, ਲੋਕ ਸੰਘਰਸ਼ ਕਮੇਟੀ ਪਟਿਆਲਾ ਵਲੋਂ ਮਹਾਂਰਾਸ਼ਟਰ ਵਿੱਚ ਪਿੱਛਲੇ ਦਿਨਾਂ ਹੀ ਭੀਮ ਕੋਰੇਗਾਓ ਵਿੱਚ ਦਲਿਤਾਂ ਵਿਰੁੱਧ ਹਿੰਸਾ ਦੀ ਨਿਖੇਧੀ ਕਰਦੇ ਹੋਏ ਰੈਲੀ ਕੀਤੀ। ਇਸ ਦੌਰਾਨ ਜਿਗਨੇਸ਼ ਮਵਾਨੀ ਅਤੇ ਉਮਰ ਖ਼ਾਲਿਦ ਵਿਰੁੱਧ ਝੂਠੇ ਕੇਸ ਵਾਪਸ ਕਰਨ ਦੀ ਮੰਗ ਕੀਤੀ ਗਈ। ਰੈਲੀ ਤੋਂ ਬਾਅਦ ਰੋਸ ਮਾਰਚ ਵੀ ਕੀਤਾ ਗਿਆ ਅਤੇ ਬਾਲਮੀਕੀ ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ।