ਮੁਹਾਲੀ: ਮੁਹਾਲੀ ਦੇ ਅਕਾਲੀ ਮੇਅਰ ਕੁਲਵੰਤ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਸਿੰਗ ਫਸ ਗਏ ਹਨ। ਮੇਅਰ ਕੁਲਵੰਤ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਮੁਅੱਤਲੀ ਵਾਲਾ ਪ੍ਰੈੱਸ ਨੋਟ ਜਾਰੀ ਕਰਨ ਵਾਲੇ ਖਿਲਾਫ ਮਾਨਹਾਨੀ ਦਾ ਕੇਸ ਕਰਨਗੇ। ਵੀਰਵਾਰ ਸ਼ਾਮ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਵਿਭਾਗ ਨੇ ਮੁਹਾਲੀ ਦੇ ਮੇਅਰ ਨੂੰ ਮੁਅੱਤਲ ਕਰਨ ਦਾ ਬਿਆਨ ਜਾਰੀ ਕੀਤਾ ਸੀ, ਪਰ ਤਿੰਨ ਘੰਟੇ ਬਾਅਦ ਸਰਕਾਰ ਨੇ ਮੁਅੱਤਲ ਦੀ ਜਗ੍ਹਾ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਸੀ।

ਕਾਰਪੋਰੇਸ਼ਨ ਦੀ ਬੈਠਕ ਦੌਰਾਨ ਮੇਅਰ ਕੁਲਵੰਤ ਨੇ ਕਿਹਾ, "ਮੁਅੱਤਲ ਵਾਲੇ ਆਰਡਰ 'ਤੇ ਜਿਸ ਵੀ ਅਫਸਰ ਦੇ ਸਾਈਨ ਹੋਣਗੇ ਮੈਂ ਉਸ ਖਿਲਾਫ ਮਾਨਹਾਣੀ ਦਾ ਦਾਅਵਾ ਕਰਾਂਗਾ।" ਕੁਲਵੰਤ ਨੇ ਕਿਹਾ ਕਿ ਜਿਸ ਡਿਪਾਰਟਮੈਂਟ ਵਿੱਚੋਂ ਇਹ ਪ੍ਰੈੱਸ ਨੋਟ ਜਾਰੀ ਹੋਇਆ ਹੈ ਤੇ ਜਿਸ ਦੇ ਵੀ ਸਾਈਨ ਹੋਏ ਹਨ, ਉਨ੍ਹਾਂ ਸਾਰਿਆਂ ਨੂੰ ਮਾਨਹਾਣੀ ਦੇ ਕੇਸ ਵਿੱਚ ਪਾਰਟੀ ਬਣਾਉਣਗੇ। ਉਨ੍ਹਾਂ ਕਿਹਾ ਕਿ ਇਸ ਅਫ਼ਵਾ ਨੇ ਉਨ੍ਹਾਂ ਨੂੰ ਬਦਨਾਮ ਕੀਤਾ ਜਿਸ ਕਰਕੇ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ।

ਮੇਅਰ ਵੱਲੋਂ ਲਈ ਗਈ ਬੈਠਕ ਵਿੱਚ ਸਾਰੇ ਮੁੱਦਿਆਂ ਨੂੰ ਛੱਡ ਕੇ ਅਕਾਲੀ ਤੇ ਕਾਂਗਰਸ ਕੌਂਸਲਰ ਮੇਅਰ ਖਿਲਾਫ ਹੋਏ ਨੋਟਿਸ 'ਤੇ ਬਹਿਸ ਕਰਦੇ ਰਹੇ। ਮੁਹਾਲੀ ਦੇ ਕਾਂਗਰਸੀ ਕੌਂਸਲਰ ਵੀ ਕੁਲਵੰਤ ਦੇ ਹੱਕ ਵਿੱਚ ਉੱਤਰੇ ਤੇ ਕਿਹਾ ਕਿ ਰੁੱਖ ਛਾਂਗਣ ਵਾਲੀ ਮਸ਼ੀਨ ਦਾ ਮਤਾ ਉਨ੍ਹਾਂ ਦੀ ਮਨਜ਼ੂਰੀ ਨਾਲ ਪਾਸ ਹੋਇਆ ਸੀ। ਕੁੱਲ 37 ਕੌਂਸਲਰਾਂ ਵਿੱਚੋਂ 24 ਕੌਂਸਲਰਾਂ ਨੇ ਮੰਤਰੀ ਸਿੱਧੂ ਖਿਲਾਫ ਮਤਾ ਪਾਸ ਕੀਤਾ ਤੇ ਕਿਹਾ ਕਿ ਮੰਤਰੀ ਨੇ ਇਹ ਗ਼ਲਤ ਕੀਤਾ ਹੈ।