ਬੰਗਾ: ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰਨ ਤੋਂ ਇਨਕਾਰ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਮਾਮਲੇ ਨੂੰ ਮੀਡੀਆ ਨੇ ਤੂਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ 4 ਲੋਕਾਂ ਨੂੰ ਮੁਅੱਤਲ ਕਰਨ ਦੇ ਹੁਕਮ ਸਨ ਪਰ ਮੁਹਾਲੀ ਮੇਅਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ ਨਾ ਕਿ ਸਸਪੈਂਡ ਕੀਤਾ। ਸਿੱਧੂ ਨੇ ਕਿਹਾ ਕਿ ਅਸੀਂ ਉਨ੍ਹਾਂ ਤੋਂ ਪੁੱਛਿਆ ਹੈ ਕਿ ਤੁਹਾਨੂੰ ਕੌਂਸਲਰਸ਼ਿਪ ਤੋਂ ਕਿਉਂ ਨਾ ਹਟਾਇਆ ਜਾਵੇ।

ਸਥਾਨਕ ਸਰਕਾਰਾਂ ਮੰਤਰੀ ਨੇ ਸਾਰਾ ਭਾਂਡਾ ਮੀਡੀਆ ਸਿਰ ਭੰਨ੍ਹਦਿਆਂ ਕਿਹਾ ਕਿ ਮੀਡੀਆ ਕੁਝ ਵੀ ਛਾਪ ਦਿੰਦਾ ਹੈ, ਫਿਰ ਅਗਲੇ ਦਿਨ ਮਾਮਲਾ ਸਾਫ ਹੋ ਜਾਂਦਾ ਹੈ। ਹਾਲਾਂਕਿ, ਬੀਤੇ ਕੱਲ੍ਹ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਸਾਫ ਲਿਖਿਆ ਸੀ ਕਿ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਣ ਕਾਰਨ ਮੁਹਾਲੀ ਦੇ ਮੇਅਰ ਤੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਂਦਾ ਹੈ। ਫਿਰ ਬਾਅਦ ਵਿੱਚ ਵੱਖਰਾ ਪ੍ਰੈੱਸ ਨੋਟ ਆਇਆ ਜਿਸ ਵਿੱਚ ਮੇਅਰ ਨੂੰ ਕੌਂਸਲਰਸ਼ਿਪ ਤੋਂ ਹਟਾਉਣ ਦਾ ਨੋਟਿਸ ਭੇਜੇ ਜਾਣ ਦੀ ਗੱਲ ਕਹੀ ਗਈ ਸੀ। ਹੁਣ, ਵਿਭਾਗ ਦੀ ਗ਼ਲਤੀ ਦਾ ਠੀਕਰਾ ਮੰਤਰੀ ਨੇ ਮੀਡੀਆ ਸਿਰ ਭੰਨ ਦਿੱਤਾ ਹੈ।

ਇਹ ਗੱਲਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਬਣ ਰਹੇ ਮਿਊਜ਼ੀਅਮ ਦਾ ਜਾਇਜ਼ਾ ਲੈਣ ਲਈ ਪਹੁੰਚਣ ਮੌਕੇ ਕਹੀਆਂ ਸਨ। ਸਿੱਧੂ ਨੇ ਇੱਥੇ ਮਿਊਜ਼ੀਅਮ ਲਈ ਗ੍ਰਾਂਟ ਦਿੱਤੀ ਤੇ ਐਲਾਨ ਕੀਤਾ ਕਿ ਭਗਤ ਸਿੰਘ ਦਾ ਸ਼ਹੀਦੀ ਦਿਨ 23 ਮਾਰਚ ਨੌਜਵਾਨ ਸਸ਼ਕਤੀਕਰਨ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।