ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕੇਂਦਰ ਸਰਕਾਰ 'ਤੇ ਇੱਕ ਵਾਰ ਮੁੜ ਸਿੱਖਾਂ ਨਾਲ ਵਿਤਕਰਾ ਕਰਨ ਦਾ ਇਲਜ਼ਾਮ ਲਾਇਆ ਹੈ। ਵਿਰਸਾ ਸਿੰਘ ਵਲਟੋਹਾ ਨੇ ਇਹ ਦਾਅਵਾ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਦੀ ਉਮਰ ਕੈਦ ਦੀ ਸਜ਼ਾ ਮੁਆਫ਼ ਕਰਨ 'ਤੇ ਕੀਤਾ ਹੈ। 



ਇਸ ਸਬੰਧੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ -  ''ਅਮਿਤ ਸ਼ਾਹ ਜੀ ! ਤੁਹਾਡਿਆਂ ਲਈ ਕਾਨੂੰਨ ਹੋਰ ਤੇ ਸਿੱਖਾਂ ਲਈ ਕਾਨੂੰਨ ਹੋਰ ਕਿਉਂ ? ਇਹ ਵਿਤਕਰਾਂ ਕਿਉਂ ?


A.K 47 ਦੀਆਂ ਗੋਲੀਆਂ ਨਾਲ ਭੁੰਨ ਸੁੱਟੇ ਉਸ ਸਮੇਂ ਦੇ ਸਮਾਜਵਾਦੀ ਪਾਰਟੀ ਦੇ ਮੌਜੂਦਾ ਵਿਧਾਇਕ ਜਵਾਹਰ ਯਾਦਵ ਸਮੇਤ ਕੀਤੇ ਤਿੰਨ ਕਤਲਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਉਦੈਭਾਨ ਕਰਵਰੀਆ ਨੂੰ ਉਮਰ ਕੈਦ ਦੀ ਸਜ਼ਾ ਹੋਣ ਦੇ ਬਾਵਜੂਦ ਕੇਵਲ 8 ਸਾਲ 9 ਮਹੀਨੇ ਤੇ 11 ਦਿਨ ਜੇਲ ਦੀ ਸਜ਼ਾ ਕੱਟਣ ਤੋਂ ਬਾਦ 23 ਜੁਲਾਈ ਨੂੰ ਗਵਰਨਰ ਉੱਤਰ ਪ੍ਰਦੇਸ਼ ਵੱਲੋਂ ਮਾਫੀ ਦੇਕੇ ਅਗੇਤੀ ਰਿਹਾਈ ਲਈ ਰਿਹਾ ਕਰਨ ਦੇ ਆਦੇਸ਼ ਨੇ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਦੀ ਮੋਦੀ/ਅਮਿਤ ਸ਼ਾਹ ਸਰਕਾਰ ਦੇ ਦੋਗਲੇ ਮਾਪਦੰਡਾਂ ਨੂੰ ਸਮੁੱਚੇ ਦੇਸ਼ ਵਾਸੀਆਂ ਅਤੇ ਖਾਸ ਕਰਕੇ ਸਿੱਖ ਜਗਤ ਵਿੱਚ ਬੁਰੀ ਤਰਾਂ ਨੰਗਿਆਂ ਕੀਤਾ ਹੈ।ਉਮਰ ਕੈਦੀ ਉਦੈਭਾਨ ਕਰਵਰੀਆ ਜੇਲ ਸਮੇਂ ਦੌਰਾਨ ਸਮੇਂ ਸਮੇਂ 'ਤੇ ਪੈਰੋਲ ਵੀ ਕੱਟਦਾ ਰਿਹਾ ਹੈ।


ਰਾਜਪਾਲ ਨੂੰ ਮਿਲੀਆਂ ਅਜਿਹੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਸਮਾਜ ਲਈ ਇੱਕ ਖਤਰਨਾਕ ਕਾਤਲ ਨੂੰ ਉਮਰ ਕੈਦ ਦੇ ਬਾਵਜੂਦ ਬਹੁਤ ਪਹਿਲਾਂ ਰਿਹਾ ਕੀਤਾ ਜਾ ਸਕਦਾ ਹੈ ਤਾਂ 30-30,34-34 ਸਾਲਾਂ ਤੋਂ ਸਿੱਖ ਕੌਮ ਨਾਲ ਹੋਈ ਬੇਇਨਸਾਫੀ ਵਿਰੁੱਧ ਚੁੱਕੇ ਕਦਮਾਂ ਕਾਰਣ ਸਜ਼ਾ ਭੁੱਗਤ ਰਹੇ ਬੰਦੀ ਸਿੱਖਾਂ ਬਾਰੇ ਕੇਂਦਰ ਸਰਕਾਰ ਦਾ ਕਠੋਰ ਰਵੱਈਆ ਕਿਉਂ ਹੈ ?ਏਨਾਂ ਬੰਦੀ ਸਿੱਖਾਂ ਦੀ ਰਿਹਾਈ ਲਈ ਅਜਿਹੇ ਕਦਮ ਕਿਉਂ ਨਹੀਂ ਪੁੱਟੇ ਜਾਂਦੇ ?ਸਾਡਾ ਇਤਰਾਜ ਇਹ ਨਹੀਂ ਕਿ ਕਾਤਲ ਉਦੈਭਾਨ ਕਰਵਰੀਆ ਕਿਉਂ ਰਿਹਾ ਕੀਤਾ ਗਿਆ। ਸਗੋਂ ਸਾਡਾ ਇਤਰਾਜ ਇਹ ਹੈ ਕਿ ਉਦੈਭਾਨ ਕਰਵਰੀਆ ਤੋਂ ਚਾਰ ਚਾਰ ਗੁਣਾਂ ਵੱਧ ਸਜ਼ਾ ਭੁਗਤਣ ਵਾਲੇ ਦੋਹਰੀ ਦੋਹਰੀ ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ ਬੰਦੀ ਸਿੱਖ ਕਿਉਂ ਨਹੀਂ ਰਿਹਾ ਕੀਤੇ ਜਾ ਰਹੇ ?


ਆਸ ਹੈ ਕਿ ਕੇਂਦਰ ਸਰਕਾਰ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਪੂਰੀ ਕਰਦਿਆਂ ਬੰਦੀ ਸਿੱਖਾਂ ਨੂੰ ਵੀ ਰਿਹਾ ਕਰ ਦੇਵੇਗੀ।''