Virsa Singh Valtoha: ਪੰਜਾਬ ਦੀ ਸਿਆਸੀ ਗਲਿਆਰਿਆਂ ਤੋਂ ਵੱਡੀ ਖਬਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਖੁਦ ਹੀ ਅਕਾਲੀ ਦਲ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਸਾਂਝਾ ਕਰਦੇ ਹੋਏ ਇਹ ਜਾਣਕਾਰੀ ਖੁਦ ਦਿੱਤੀ ਹੈ।
ਦੱਸ ਦਈਏ ਪਿਛਲੇ ਦਿਨੀਂ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰਾਂ ਤੇ ਬੀਜੇਪੀ ਤੇ RSS ਦਾ ਦਬਾਅ ਹੋਣ ਸਬੰਧੀ ਬਿਆਨ ਦਿੱਤਾ ਸੀ ਜਿਸ 'ਤੇ ਵਿਰਸਾ ਸਿੰਘ ਵਲਟੋਹਾ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਦੋਸ਼ ਸਾਬਿਤ ਹੋਣ 'ਤੇ ਪੰਜ ਸਿੰਘ ਸਾਹਿਬਾਨ ਨੇ ਸਖ਼ਤ ਫੈਸਲਾ ਸੁਣਾਉਂਦਿਆਂ ਜਿੱਥੇ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ 24 ਘੰਟਿਆਂ ਦੇ ਅੰਦਰ ਬਾਹਰ ਕਰਨ ਦੇ ਹੁਕਮ ਸੁਣਾਏ ਹਨ। ਉੱਥੇ ਹੀ ਵਿਰਸਾ ਸਿੰਘ ਵਲਟੋਹਾ 'ਤੇ 10 ਸਾਲ ਦੀ ਪਾਬੰਦੀ ਦੇ ਹੁਕਮ ਸੁਣਾਏ ਸਨ।
ਪਰ ਹੁਣ ਵਿਰਸਾ ਸਿੰਘ ਵਲਟੋਹਾ ਨੇ ਖੁਦ ਹੀ ਅਕਾਲੀ ਦਲ ਨੂੰ ਛੱਡ ਦਿੱਤਾ ਹੈ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਸਿੰਘ ਸਾਹਿਬਾਨਾਂ ਦਾ ਆਦੇਸ਼ ਸਿਰ-ਮੱਥੇ-ਵਿਰਸਾ ਸਿੰਘ ਵਲਟੋਹਾ
ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ- ''ਅਕਾਲ ਤਖਤ ਸਾਹਿਬ 'ਤੇ ਅੱਜ ਸਿੰਘ ਸਾਹਿਬਾਨ ਸਾਹਮਣੇ ਹੋਈ ਮੇਰੀ ਪੇਸ਼ੀ ਤੋਂ ਬਾਅਦ ਮੇਰੇ ਬਾਰੇ ਜੋ ਆਦੇਸ਼ ਜਾਰੀ ਕੀਤਾ ਗਿਆ ਹੈ ਉਸਨੂੰ ਸਿਰ ਝੁਕਾਕੇ ਪ੍ਰਵਾਨ ਕਰਦਾ ਹਾਂ।''
ਵੀਡੀਓਗ੍ਰਾਫੀ ਨੂੰ ਕੀਤਾ ਜਾਏ ਜਨਤਕ
ਉਨ੍ਹਾਂ ਨੇ ਅੱਗੇ ਕਿਹਾ- ''ਮੈਂ ਤਾਂ ਅੱਜ ਆਪਣਾ ਪੱਖ ਨਿਮਰਤਾ ਨਾਲ ਸਿੰਘ ਸਾਹਿਬਾਨ ਅੱਗੇ ਰੱਖਿਆ ਸੀ। ਜਿਸਦੀ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਸੀ। ਮੈਨੂੰ ਸਿੰਘ ਸਾਹਿਬਾਨ ਨੇ ਪੇਸ਼ੀ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਕਿਹਾ ਸੀ ਕਿ,ਤੁਹਾਡੀ ਸਾਰੀ ਸੁਣਵਾਈ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਜੋ ਬਾਅਦ ਵਿੱਚ ਮੀਡੀਆ ਨੂੰ ਜਾਰੀ ਕੀਤੀ ਜਾਵੇਗੀ। ਮੇਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀਡੀਓਗ੍ਰਾਫੀ ਦੀ ਵੀਡੀਓ ਮੀਡੀਆ ਨੂੰ ਜਨਤਕ ਕਰਨ ਦੀ ਕਿਰਪਾਲਤਾ ਕਰਨ।
ਉਨ੍ਹਾਂ ਹੋਰ ਕਈ ਗੱਲਾਂ ਕਰਦੇ ਹੋਏ ਕਿਹਾ ਕਿ ਹਲਕਾ ਖੇਮਕਰਨ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਮੈਂ ਤੇ ਮੇਰਾ ਪਰਿਵਾਰ ਪਹਿਲਾਂ ਦੀ ਤਰ੍ਹਾਂ ਹੀ ਰਾਜਨੀਤੀ ਵਿੱਚ ਸਰਗਰਮ ਰਹਾਂਗੇ।ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਤੇ ਕੰਮਾਂ ਲਈ ਹਮੇਸ਼ਾਂ ਹਾਜ਼ਰ ਰਹਾਂਗੇ