ਅੰਮ੍ਰਿਤਸਰ: ਕਰਤਾਰਪੁਰ ਲਾਂਘਾ ਅੱਜ ਖੁੱਲ੍ਹ ਗਿਆ ਹੈ। ਅੱਜ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਕੇ ਆਪਣੇ ਦੋ ਸਾਥੀਆਂ ਨਾਲ ਪਰਤੇ ਜਸਪਾਲ ਸਿੰਘ ਨੇ ਦੱਸਿਆ ਕਿ ਜਦ ਪਹਿਲੀ ਵਾਰ ਲਾਂਘਾ ਖੁੱਲ੍ਹਿਆ ਸੀ ਤਾਂ ਉਸ ਵੇਲੇ ਵੀ ਉਹ ਕਰਮਾ ਵਾਲੇ ਸਨ ਕਿ ਦਰਸ਼ਨ ਕਰਕੇ ਆਏ। ਅੱਜ ਵੀ ਉਹ ਫਿਰ ਪਹਿਲੇ ਜਥੇ 'ਚ ਦਰਸ਼ਨ ਕਰਕੇ ਆਏ ਹਨ।



ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਗ੍ਰਹਿ ਮੰਤਰਾਲੇ ਤੋਂ ਦਰਸ਼ਨਾਂ ਲਈ ਇਜਾਜ਼ਤ ਮਿਲੀ ਹੈ। ਇਸ ਤੋਂ ਬਾਅਦ ਹੁਣ ਉਹ ਕਰਤਾਰਪੁਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਸਿਰਸਾ ਜਰੀਏ ਕਰਤਾਰਪੁਰ ਕੋਰੀਡੋਰ ਜਾਣ ਦੀ ਇਜਾਜਤ ਮਿਲੀ ਹੈ।

ਇਸ ਮੌਕੇ ਜਸਪਾਲ ਸਿੰਘ ਚੰਢੋਕ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਦਾ ਸੁਭਾਗ ਮਨਜਿੰਦਰ ਸਿੰਘ ਸਿਰਸਾ ਕਾਰਨ ਮਿਲਿਆ ਹੈ। ਉਨ੍ਹਾਂ ਨੇ ਮੈਨੂੰ ਫੋਨ ਕਰਕੇ ਗ੍ਰਹਿ ਮੰਤਰਾਲੋ ਕੋਲ ਅਪਲਾਈ ਕਰਨ ਲਈ ਕਿਹਾ ਤਾਂ ਅਸੀਂ ਪੰਜ ਵਿਅਕਤੀਆਂ ਨੇ ਲਿਖਤੀ ਅਪਲਾਈ ਕੀਤਾ। ਪੰਜਾਂ ਨੂੰ ਕੱਲ੍ਹ ਦੇਰ ਸ਼ਾਮ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇਜਾਜਤ ਮਿਲ ਗਈ ਪਰ ਅਸੀਂ ਸਿਰਫ ਤਿੰਨ ਜਣੇ ਹੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਦੋ ਸਾਥੀਆਂ ਦੀ ਕੋਵਿਡ ਰਿਪੋਰਟ 'ਚ ਦੇਰੀ ਹੋਣ ਕਰਕੇ ਅੱਜ ਉਹ ਜਾ ਨਹੀਂ ਸਕੇ। ਜਸਪਾਲ ਸਿੰਘ ਤੋਂ ਇਲਾਵਾ ਪ੍ਰਭਜੋਤ ਸਿੰਘ ਤੇ ਇੱਕ ਹੋਰ ਦਰਸ਼ਨਾਂ ਲਈ ਜਾ ਸਕੇ। ਤਿੰਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਕੀਤਾ ਜਿਨਾਂ ਨੇ ਕਰਤਾਰਪੁਰ ਕੋਰੀਡੋਰ ਗੁਰੂ ਨਾਨਕ ਦੇਵ ਜੀ ਗੁਰਪੁਰਬ ਤੋਂ ਪਹਿਲਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ।


ਦਰਅਸਲ 24 ਅਕਤੂਬਰ 2019 ਨੂੰ ਭਾਰਤ ਨੇ ਪਾਕਿਸਤਾਨ ਨਾਲ ਕਰਤਾਰਪੁਰ ਲਾਂਘਾ ਸਮਝੌਤੇ ’ਤੇ ਦਸਤਖਤ ਕੀਤੇ ਸਨ। ਸਮਝੌਤੇ ਤਹਿਤ ਸਾਰੇ ਧਰਮਾਂ ਦੇ ਭਾਰਤੀ ਸ਼ਰਧਾਲੂਆਂ ਨੂੰ 4.5 ਕਿਲੋਮੀਟਰ ਲੰਮੇ ਮਾਰਗ ਰਾਹੀਂ ਸਾਲ ਭਰ ਬਿਨਾਂ ਵੀਜ਼ਾ ਮੁਫ਼ਤ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ। ਨਵੰਬਰ 2019 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗਲਿਆਰੇ ਦਾ ਉਦਘਾਟਨ ਕੀਤਾ ਸੀ।