ਅੰਮ੍ਰਿਤਸਰ: ਕਿਸਾਨ ਅੰਦੋਲਨ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਲੱਗੇ ਹਨ। ਪਿੰਡਾਂ ਦੇ ਲੋਕ ਸਿਆਸੀ ਲੀਡਰਾਂ ਤੋਂ ਕਿਨਾਰਾ ਕਰਨ ਲੱਗੇ ਹਨ। ਕਿਸਾਨ ਲੀਡਰਾਂ ਦੀ ਅਪੀਲ 'ਤੇ ਸਿਆਸੀ ਲੀਡਰਾਂ ਦੇ ਬਾਈਕਾਟ ਹੋਣ ਲੱਗੇ ਹਨ। ਇਸ ਦੀ ਸ਼ੁਰੂਆਤ ਅੱਜ ਮਾਝੇ ਦੇ ਪਿੰਡ ਚਾਟੀਵਿੰਡ ਤੋਂ ਹੋਈ ਹੈ। ਸਮੂਹ ਨਗਰ ਪੰਚਾਇਤ, ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਆੜ੍ਹਤੀਆਂ ਨੇ ਸਾਂਝਾ ਫ਼ੈਸਲਾ ਕਰਦੇ ਹੋਏ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਕੋਈ ਪ੍ਰਗੋਰਾਮ ਨਹੀਂ ਕਰਨ ਦਿੱਤਾ ਜਾਏਗਾ।

ਅੱਜ ਹੋਏ ਇਕੱਠ ਵਿੱਚ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖਿਲਾਫ ਦਿੱਲੀ ਦੇ ਬਾਡਰਾ ਤੇ ਕਿਸਾਨ-ਮਜ਼ਦੂਰ ਲੜਾਈ ਲੜ ਰਹੇ ਹਨ। ਉੱਥੇ ਲਗਪਗ 350 ਤੋਂ ਵੱਧ ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ। ਕਿਸਾਨੀ ਸ਼ੰਘਰਸ਼ ਲਗਪਗ 200 ਦਿਨਾਂ ਵਿੱਚ ਦਾਖ਼ਲ ਹੋ ਗਿਆ। ਉਥੇ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਰੱਖ ਕੇ ਪੰਜਾਬ ਤੇ ਭਾਰਤ ਦੇ ਦੂਜਿਆਂ ਸੂਬਿਆਂ ਦੀਆਂ ਜ਼ਮੀਨਾਂ ਤੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਕਬਜ਼ਾ ਕਰਵਾਉਣ ਵਿੱਚ ਰੁੱਝੀ ਹੋਈ ਹੈ।

ਇਸ ਮੌਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਅੱਜ ਮਾਝੇ ਦੀ ਧਰਤੀ ਤੋਂ ਨਵੀਂ ਪਹਿਲਕਦਮੀ ਕਰਦਿਆਂ ਪਿੰਡ ਚਾਟੀਵਿੰਡ ਦੀ ਸਮੂਹ ਨਗਰ ਪੰਚਾਇਤ, ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਆੜ੍ਹਤੀਆਂ ਵੱਲੋਂ ਸਾਂਝਾ ਫ਼ੈਸਲਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਾਲੇ ਕਾਨੂੰਨ ਭਾਰਤ ਦੀ ਮੋਦੀ ਸਰਕਾਰ ਰੱਦ ਨਹੀਂ ਕਰਦੀ ਤੇ ਇਹ ਸੰਘਰਸ਼ ਸਮਾਪਤ ਨਹੀਂ ਹੁੰਦਾ, ਓਨਾ ਚਿਰ ਕਿਸੇ ਵੀ ਸਿਆਸੀ ਲੀਡਰ ਜਾਂ ਕਿਸੇ ਸਿਆਸੀ ਪਾਰਟੀ ਦੇ ਨੁਮਾਇੰਦੇ ਨੂੰ ਪਿੰਡ ਵਿੱਚ ਕੋਈ ਰੈਲੀ ਜਾਂ ਇਕੱਠ ਨਹੀਂ ਕਰਨ ਦਿੱਤਾ ਜਾਏਗਾ। ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਕਿਸੇ ਵੀ ਸਿਆਸੀ ਸਰਗਰਮੀ ਵਿੱਚ ਹਿੱਸਾ ਨਹੀਂ ਲੈਣਗੇ  ਤੇ ਪੂਰੇ ਪਰਿਵਾਰਾਂ ਸਮੇਤ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹਮਾਇਤ ਕਰਨਗੇ।