ਨਵੀਂ ਦਿੱਲੀ: ਦੱਖਣ-ਪੱਛਮੀ ਮੌਨਸੂਨ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਪਹੁੰਚ ਗਿਆ ਹੈ। ਮੌਨਸੂਨ 21 ਸਾਲਾਂ ਬਾਅਦ ਸਮੇਂ ਤੋਂ ਪਹਿਲਾਂ ਆ ਗਿਆ ਹੈ। ਮੌਨਸੂਨ ਦੇ ਅਧਿਕਾਰਤ ਤੌਰ 'ਤੇ ਹਿਮਾਚਲ ਪ੍ਰਦੇਸ਼ ਪਹੁੰਚਣ ਨਾਲ ਰਾਜ ਦੇ ਕਈ ਇਲਾਕਿਆਂ ਦੇ ਨਾਲ-ਨਾਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀ ਮੀਂਹ ਪੈ ਰਿਹਾ ਹੈ।


ਪਿਛਲੇ ਸਾਲ ਮੌਨਸੂਨ 24 ਜੂਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਪਹੁੰਚਿਆ ਸੀ, ਜਦੋਂਕਿ ਇਸ ਦੇ ਆਮਦ ਦੀ ਆਮ ਤਾਰੀਖ 26 ਜੂਨ ਤੈਅ ਕੀਤੀ ਗਈ ਹੈ। ਰਾਜ ਦੇ ਕਈ ਹਿੱਸਿਆਂ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਦੋਂਕਿ ਰਾਜ ਦੇ ਕੁਝ ਹੇਠਲੇ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ।


ਮੌਨਸੂਨ ਐਤਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀ ਜਲਦੀ ਪਹੁੰਚ ਗਿਆ ਹੈ ਤੇ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿੱਚ ਹੋਰ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਹਰਿਆਣਾ ਦੇ ਸਿਰਸਾ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਇਸ ਵਿੱਚ 101.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ, ਜਦੋਂਕਿ ਮੰਡੀ ਡੱਬਵਾਲੀ ਵਿੱਚ 62 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ।


ਪੰਜਾਬ ਦੇ ਬਠਿੰਡਾ ਵਿਚ 49.4 ਮਿਲੀਮੀਟਰ, ਫਰੀਦਕੋਟ ਵਿਚ 24.4 ਮਿਲੀਮੀਟਰ, ਹੁਸ਼ਿਆਰਪੁਰ ਵਿਚ 23 ਮਿਲੀਮੀਟਰ, ਆਦਮਪੁਰ ਵਿਚ 17.2 ਮਿਲੀਮੀਟਰ, ਮੁਕਤਸਰ ਵਿਚ 51 ਮਿਲੀਮੀਟਰ, ਬਲਾਚੌਰ ਵਿਚ 19.1 ਮਿਲੀਮੀਟਰ, ਰਾਜਪੁਰਾ ਵਿਚ 57.6 ਮਿਲੀਮੀਟਰ, ਲੁਧਿਆਣਾ ਵਿਚ 15 ਮਿਲੀਮੀਟਰ ਅਤੇ ਜਲੰਧਰ ਵਿਚ 10 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।


ਮੁੰਬਈ 'ਚ ਭਾਰੀ ਬਾਰਸ਼ ਦੀ ਸੰਭਾਵਨਾ, ਆਰੈਂਜ ਅਲਰਟ


ਮੌਸਮ ਵਿਭਾਗ ਨੇ ਮੁੰਬਈ ਲਈ ਆਰੈਂਜ ਅਲਰਟ ਜਾਰੀ ਕੀਤਾ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਅਗਲੇ ਦੋ ਦਿਨਾਂ ਤੱਕ ਮੁੰਬਈ ਅਤੇ ਠਾਣੇ ਵਿਚ ਭਾਰੀ ਬਾਰਸ਼ ਹੋ ਸਕਦੀ ਹੈ। ਰਤਨਗਿਰੀ, ਰਾਏਗੜ੍ਹ ਦੇ ਆਸ ਪਾਸ ਅਤੇ ਸੋਮਵਾਰ ਤੱਕ ਰੈੱਡ ਅਲਰਟ ਹੈ। ਇਸ ਦੌਰਾਨ, ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਚਿਤਾਵਨੀ ਦੇ ਮੱਦੇਨਜ਼ਰ, BMC ਦੇ ਆਫ਼ਤ ਪ੍ਰਬੰਧ ਵਿਭਾਗ ਨੇ ਆਪਣੀ ਸਾਰੀ ਮਸ਼ੀਨਰੀ ਅਤੇ ਹੋਰ ਰਾਹਤ ਏਜੰਸੀਆਂ ਨੂੰ ਅਲਰਟ ਮੋਡ 'ਤੇ ਪਾ ਦਿੱਤਾ ਹੈ। ਗੋਆ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਭਾਰਤ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੈ।


ਯੂਪੀ ਦੇ ਇਨ੍ਹਾਂ ਸ਼ਹਿਰਾਂ ਵਿੱਚ ਮੀਂਹ ਦੀ ਭਵਿੱਖਬਾਣੀ


ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸੋਮਵਾਰ ਤੋਂ ਮੌਨਸੂਨ ਕਾਨਪੁਰ, ਉਨਾਓ, ਕੰਨੌਜ, ਬਾਂਦਾ, ਮਹੋਬਾ, ਹਮੀਰਪੁਰ, ਹਰਦੋਈ, ਇਟਾਵਾ, ਔਰੈਈਆ, ਜਲਾਨ, ਚਿੱਤਰਕੂਟ, ਫਤਿਹਪੁਰ, ਫਰੂਖਾਬਾਦ ਆਦਿ ਥਾਵਾਂ ‘ਤੇ ਦਸਤਕ ਦੇ ਸਕਦੀ ਹੈ। ਚੰਦਰਸ਼ੇਖਰ ਆਜ਼ਾਦ ਯੂਨੀਵਰਸਿਟੀ ਐਗਰੀਕਲਚਰ ਐਂਡ ਟੈਕਨੋਲੋਜੀ (ਸੀਐਸਏ) ਦੇ ਮੌਸਮ ਵਿਗਿਆਨੀ ਡਾ ਐਸ ਐਨ ਪਾਂਡੇ ਅਨੁਸਾਰ ਮੌਨਸੂਨ ਇਸ ਵਾਰ ਬਹੁਤ ਪਹਿਲਾਂ ਉੱਤਰ ਭਾਰਤ ਪਹੁੰਚ ਰਿਹਾ ਹੈ।