ਨਵੀਂ ਦਿੱਲੀ: ਮੌਸਮ ਵਿਭਾਗ ਅਨੁਸਾਰ 18 ਜੂਨ ਤੱਕ ਪੰਜਾਬ ਵਿੱਚ ਝੱਖੜ ਝੁੱਲਦੇ ਰਹਿਣ ਤੇ ਮੀਂਹ ਵਰ੍ਹਨ ਦੀ ਸੰਭਾਵਨਾ ਹੈ। 13 ਜੂਨ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ 14 ਲਈ ਯੈਲੋ ਅਲਰਟ ਹੈ। 15 ਨੂੰ ਔਰੈਂਜ ਤੇ 16 ਨੂੰ ਯੈਲੋ ਅਲਰਟ ਹੋਵੇਗਾ। ਪਿਛਲੇ 48 ਘੰਟਿਆਂ ਤੋਂ ਰਾਜ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।


ਸ਼ਨਿੱਚਰਵਾਰ ਨੂੰ ਗੁਰਦਾਸਪੁਰ ਵਿਚ 28.8 ਮਿਲੀਮੀਟਰ, ਲੁਧਿਆਣਾ ਵਿੱਚ 11.8 ਮਿਲੀਮੀਟਰ ਤੇ ਪਟਿਆਲਾ ਵਿੱਚ 12.4 ਮਿਲੀਮੀਟਰ ਮੀਂਹ ਪਿਆ। ਜਲੰਧਰ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਕਪੂਰਥਲਾ ਸਣੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੇਰ ਰਾਤੀਂ ਤੂਫਾਨ ਦੇ ਨਾਲ ਹਲਕੀ ਬਾਰਸ਼ ਹੋਈ। ਮੁਕਤਸਰ ਵਿੱਚ ਗੜੇ ਪੈ ਗਏ ਤੇ ਬਠਿੰਡਾ ਵਿੱਚ ਤੇਜ਼ ਹਵਾਵਾਂ ਚੱਲੀਆਂ। ਗੁਰਦਾਸਪੁਰ 28.8 ਮਿਲੀਮੀਟਰ, ਜਲੰਧਰ 16.5 ਮਿਲੀਮੀਟਰ, ਲੁਧਿਆਣਾ 11.8 ਮਿਲੀਮੀਟਰ, ਪਟਿਆਲਾ 12.4 ਮਿਲੀਮੀਟਰ, ਨਵਾਂਸ਼ਹਿਰ 7.8 ਮਿਲੀਮੀਟਰ, ਹੁਸ਼ਿਆਰਪੁਰ 5.6 ਮਿਲੀਮੀਟਰ, ਫਤਿਹਗੜ 4.8 ਮਿਲੀਮੀਟਰ, ਰੋਪੜ 3.5 ਮਿਲੀਮੀਟਰ ਸੰਗਰੂਰ 1.9 ਮਿਲੀਮੀਟਰ।


ਦੂਜੇ ਪਾਸੇ, ਉੱਤਰ-ਪੱਛਮ ਵੱਲ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਦੇਸ਼ ਦੇ ਕਈ ਰਾਜਾਂ ਵਿਚ ਮੌਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੈ। ਓਡੀਸ਼ਾ ਤੇ ਪੱਛਮੀ ਬੰਗਾਲ ਦੇ ਗੰਗਾ ਨਾਲ ਲੱਗਦੇ ਇਲਾਕਿਆਂ ਵਿਚ ਜਿੱਥੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਉੱਥੇ ਹੀ ਅਗਲੇ 24 ਘੰਟਿਆਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ, ਛੱਤੀਸਗੜ੍ਹ ਸਣੇ ਕਈ ਰਾਜਾਂ ਵਿੱਚ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਨਸੂਨ, ਜੋ ਮੱਧ ਭਾਰਤ ਪਹੁੰਚ ਗਿਆ ਹੈ, ਦੇਸ਼ ਦੇ ਉੱਤਰੀ ਹਿੱਸਿਆਂ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਗਲੇ ਦੋ ਦਿਨਾਂ ਵਿੱਚ ਇਸ ਦੇ ਪੂਰੇ ਉੱਤਰੀ ਭਾਰਤ ਦੇ ਕਵਰ ਕਰਨ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਅਨੁਸਾਰ ਮੌਨਸੂਨ ਇਸ ਵਾਰ 15 ਦਿਨ ਪਹਿਲਾਂ ਉੱਤਰ ਭਾਰਤ ਪਹੁੰਚ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮੌਸਮ ਦੇ ਅਨੁਕੂਲ ਹੋਣ ਕਾਰਨ ਦੱਖਣ-ਪੱਛਮੀ ਮੌਨਸੂਨ ਦੇ ਅਗਲੇ 4-5 ਦਿਨਾਂ ਵਿਚ ਦੱਖਣੀ ਰਾਜਸਥਾਨ ਅਤੇ ਗੁਜਰਾਤ ਦੇ ਕੱਛ ਖੇਤਰ ਨੂੰ ਛੱਡ ਕੇ ਸਾਰੇ ਦੇਸ਼ ਨੂੰ ਕਵਰ ਕਰਨ ਦੀ ਉਮੀਦ ਹੈ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਪੂਰੇ ਦੇਸ਼ ਵਿੱਚ ਜੂਨ ਤੋਂ ਸਤੰਬਰ ਤੱਕ ਦੱਖਣ-ਪੱਛਮੀ ਮੌਨਸੂਨ ਤੋਂ ਆਮ ਬਾਰਸ਼ ਹੋਣ ਦੀ ਸੰਭਾਵਨਾ ਹੈ।


ਮੌਨਸੂਨ ਦੇ ਸ਼ਨੀਵਾਰ ਨੂੰ ਹੀ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁਝ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਯਾਨੀ 15 ਜੂਨ ਤੱਕ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਦੱਸ ਦੇਈਏ ਕਿ ਮੌਨਸੂਨ ਦੇ ਦਾਖਲ ਹੋਣ ਤੋਂ ਪਹਿਲਾਂ ਹੀ ਬਿਹਾਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦਰਜ ਕੀਤੀ ਗਈ ਹੈ।


ਮੌਸਮ ਵਿਭਾਗ ਨੇ ਸੋਮਵਾਰ ਤੱਕ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਗੁਜਰਾਤ, ਮੱਧ ਪ੍ਰਦੇਸ਼ ਤੇ ਪੂਰੇ ਛੱਤੀਸਗੜ੍ਹ, ਓਡੀਸ਼ਾ, ਪੱਛਮੀ ਬੰਗਾਲ ਤੇ ਝਾਰਖੰਡ ਦੇ ਕੁਝ ਹੋਰ ਹਿੱਸਿਆਂ ਵਿੱਚ ਮੌਨਸੂਨ ਦੇ ਹੋਰ ਅੱਗੇ ਵਧਣ ਲਈ ਹਾਲਤਾਂ ਵਿੱਚ ਸੁਧਾਰ ਹੋ ਰਿਹਾ ਹੈ।


ਇਸ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚ ਸਕਦਾ ਹੈ। ਇਸ ਸਾਲ ਮੌਨਸੂਨ ਆਮ ਤਰੀਕ ਤੋਂ 12 ਦਿਨ ਪਹਿਲਾਂ ਯਾਨੀ 15 ਜੂਨ ਨੂੰ ਦਿੱਲੀ ਵਿਚ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਇਸ ਤੋਂ ਪਹਿਲਾਂ ਸਾਲ 2008 ਵਿਚ ਵੀ ਮੌਨਸੂਨ 15 ਜੂਨ ਨੂੰ ਦਿੱਲੀ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਮੌਨਸੂਨ ਦੀ ਦਿੱਲੀ ਵਿੱਚ ਜਲਦੀ ਆਮਦ ਲਈ ਅਨੁਕੂਲ ਹਾਲਾਤ ਹਨ।


ਮੱਧ ਪ੍ਰਦੇਸ਼ ਮੌਸਮ ਵਿਭਾਗ ਨੇ 11 ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਬਾਰਸ਼ ਲਈ ਆਰੈਂਜ ਅਲਰਟ ਅਤੇ 2 ਦਰਜਨ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਉੜੀਸਾ, ਛੱਤੀਸਗੜ, ਮਹਾਰਾਸ਼ਟਰ ਦੇ ਵਿਦਰਭ, ਕੋਂਕਣ ਅਤੇ ਗੋਆ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋ ਸਕਦੀ ਹੈ। ਦੱਖਣੀ-ਪੂਰਬੀ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ, ਤੱਟੀ ਕਰਨਾਟਕ, ਤੇਲੰਗਾਨਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਅਸਾਮ ਦੇ ਕੁਝ ਹਿੱਸਿਆਂ ਵਿਚ ਇਕੱਲਿਆਂ ਭਾਰੀ ਬਾਰਸ਼ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।


 


ਮੱਧ ਪ੍ਰਦੇਸ਼, ਤੱਟੀ ਆਂਧਰਾ ਪ੍ਰਦੇਸ਼, ਕੇਰਲ, ਤੱਟੀ ਕਰਨਾਟਕ, ਉੱਤਰ ਪ੍ਰਦੇਸ਼, ਦੱਖਣੀ ਗੁਜਰਾਤ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਸੰਭਵ ਹੈ। ਤਾਮਿਲਨਾਡੂ, ਰਾਇਲਸੀਮਾ ਤੇ ਅੰਦਰੂਨੀ ਕਰਨਾਟਕ ਵਿਚ ਹਲਕੀ ਬਾਰਸ਼ ਹੋਣ ਦੀ ਬਹੁਤ ਸੰਭਾਵਨਾ ਹੈ, ਜਦੋਂਕਿ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਧੂੜ ਹਨੇਰੀ ਅਤੇ ਬੱਦਲਾਂ ਦੀ ਗਰਜ ਨਾਲ ਛਿੱਟਾਂ ਪੈ ਸਕਦੀਆਂ ਹਨ।