ਜਲੰਧਰ: ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੱਕੀ 'ਤੇ ਪਿੰਡ ਦੀ ਜ਼ਮੀਨ 'ਤੇ ਕਬਜ਼ੇ ਦੇ ਇਲਜ਼ਾਮਾਂ ਤੋਂ ਬਾਅਦ ਰਮਨਜੀਤ ਸਿੱਕੀ ਸਾਹਮਣੇ ਨਹੀਂ ਆ ਰਹੇ। ਜਲੰਧਰ ਦੇ ਸਰਕਟ ਹਾਊਸ 'ਚ 11 ਸਤੰਬਰ ਨੂੰ ਖਹਿਰਾ ਨੇ ਸਿੱਕੀ 'ਤੇ ਇਲਜ਼ਾਮ ਲਾਏ ਸੀ ਕਿ ਉਨ੍ਹਾਂ ਨੇ ਜਲੰਧਰ ਦੇ ਪਿੰਡ ਘੁੱਗਸ਼ੋਰ 'ਚ 5 ਏਕੜ ਜ਼ਮੀਨ 'ਤੇ ਪਿਛਲੇ 22 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ। ਉਹ ਪਿੰਡ ਦੀ ਜ਼ਮੀਨ 'ਤੇ ਕਬਜ਼ਾ ਛੱਡ ਨਹੀਂ ਰਹੇ।


ਖਹਿਰਾ ਦਾ ਇਲਜ਼ਾਮ ਸੀ ਕਿ ਘੁੱਗਸ਼ੋਰ ਪਿੰਡ 'ਚ ਹੀ ਸਿੱਕੀ ਦਾ ਮਿਲਕ ਪਲਾਂਟ ਹੈ। ਸਿੱਕੀ ਮਿਲਕ ਪਲਾਂਟ ਦਾ ਗੰਦਾ ਪਾਣੀ ਸਰਕਾਰੀ ਜ਼ਮੀਨ 'ਚ ਸੁੱਟਣ ਦੇ ਨਾਲ-ਨਾਲ ਦੋ ਏਕੜ 'ਚੋਂ ਮਾਈਨਿੰਗ ਵੀ ਕਰ ਰਹੇ ਹਨ। ਖਹਿਰਾ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਰਮਨਜੀਤ ਸਿੱਕੀ ਮੀਡੀਆ ਸਾਹਮਣੇ ਨਹੀਂ ਆ ਰਹੇ।

ਖਹਿਰਾ ਦੇ ਇਲਜ਼ਾਮਾਂ 'ਤੇ ਸਿੱਕੀ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਈਲ 'ਤੇ ਦੋ ਦਿਨਾਂ ਤੋਂ ਲਗਾਤਾਰ ਫੋਨ ਕਰਨ ਮਗਰੋਂ ਵੀ ਉਹ ਕੋਈ ਜਵਾਬ ਨਹੀਂ ਦੇ ਰਹੇ। ਜਲੰਧਰ 'ਚ ਬਣੇ ਉਨ੍ਹਾਂ ਦੇ ਫਾਰਮ ਤੇ ਘਰ ਵੀ ਉਹ ਸੋਮਵਾਰ ਸਵੇਰ ਤੋਂ ਬਾਅਦ ਨਹੀਂ ਆਏ। ਸਿੱਕੀ ਦੇ ਪੀਏ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਵਿਧਾਇਕ ਕਿੱਥੇ ਹਨ। ਸਿੱਕੀ ਦੇ ਖਡੂਰ ਸਾਹਿਬ ਵਾਲੇ ਪੀਏ ਜਰਮਨ ਨੇ ਇੱਕ ਵਾਰ ਤਾਂ ਫੋਨ ਚੁੱਕਿਆ ਤੇ ਕਿਹਾ ਕਿ ਮੈਂ ਪਤਾ ਕਰਦਾ ਹਾਂ ਕਿ ਉਹ ਕਿੱਥੇ ਹਨ ਪਰ ਬਾਅਦ ਵਿੱਚ ਪੀਏ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ।

ਕਾਂਗਰਸ ਨੇ ਪਿਛਲੇ ਹਫਤੇ ਹੀ ਸੁਖਪਾਲ ਖਹਿਰਾ ਨੂੰ ਉਨ੍ਹਾਂ ਦੇ ਘਰ 'ਚ ਹੀ ਘੇਰਨ ਲਈ ਖਡੂਰ ਸਾਹਿਬ ਤੋਂ ਸਿੱਕੀ ਨੂੰ ਭੁੱਲਥ ਦਾ ਇੰਚਾਰਜ ਨਿਯੁਕਤ ਕੀਤਾ ਹੈ। ਸਿੱਕੀ ਦੇ ਖਡੂਰ ਸਾਹਿਬ ਦਾ ਚਾਰਜ ਸੰਭਾਲਦੇ ਹੀ ਸੁਖਪਾਲ ਖਹਿਰਾ ਦੇ ਪਹਿਲੇ ਇਲਜ਼ਾਮ 'ਤੇ ਹੀ ਸਿੱਕੀ ਫਸਦੇ ਨਜ਼ਰ ਆ ਰਹੇ ਹਨ। ਭੁਲੱਥ ਤੇ ਜਲੰਧਰ ਦੇ ਕਾਂਗਰਸੀ ਵਰਕਰਾਂ 'ਚ ਚਰਚਾ ਹੈ ਕਿ ਰਮਨਜੀਤ ਸਿੱਕੀ ਭੁਲੱਥ 'ਚ ਕਾਂਗਰਸ ਨੂੰ ਕੋਈ ਫਾਇਦਾ ਦੇਣਗੇ ਅਜਿਹਾ ਤਾਂ ਲੱਗਦਾ ਨਹੀਂ ਪਰ ਉਨ੍ਹਾਂ ਦੇ ਫੋਨ ਨਾ ਚੁੱਕਣ ਦੀ ਆਦਤ ਕਾਰਨ ਕਾਂਗਰਸ ਨੂੰ ਨੁਕਸਾਨ ਜ਼ਰੂਰ ਹੋਵੇਗਾ।