ਚੰਡੀਗੜ੍ਹ: ਰਾਜ ਸਭਾ ਮੈਂਬਰ ਰਾਘਵ ਚੱਢਾ (Rajya Sabha member Raghav Chadha) ਦੀ ਐਡਿਟ ਫੋਟੋ 'ਤੇ ਆਮ ਆਦਮੀ ਪਾਰਟੀ (Aam Aadmi Party) ਭੜਕ ਗਈ ਹੈ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਭਾਜਪਾ ਤੇ ਕਾਂਗਰਸ ਦੇ ਨੇਤਾਵਾਂ ਨੇ ਫਰਜ਼ੀ ਫੋਟੋਸ਼ਾਪ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਵਿੱਚ ਸੰਸਦ ਮੈਂਬਰ ਰਾਘਵ ਚੱਢਾ ਦੇ ਹੱਥ ਵਿੱਚ ਤਖ਼ਤੀ ਵਿੱਚ ਲਿਖੀ ਸ਼ਬਦਾਵਲੀ ਬਦਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਦੱਸ ਦਈਏ ਕਿ ਚੱਢਾ ਨੇ ਐਮਐਸਪੀ ਕਮੇਟੀ ਵਿਰੋਧੀ ਪੋਸਟਰ (Anti MSP Committee poster) ਫੜੇ ਹੋਏ ਸਨ। ਇਸ ਦੀ ਬਜਾਏ ਇੱਕ ਹੋਰ ਪੋਸਟਰ ਲਾ ਕੇ ਇਹ ਵਾਇਰਲ ਕਰ ਦਿੱਤਾ ਗਿਆ। ਹੁਣ ਆਮ ਆਦਮੀ ਪਾਰਟੀ ਪੰਜਾਬ ਨੇ ਇਸ ਨੂੰ ਫਰਜ਼ੀ ਕਰਾਰ ਦਿੰਦਿਆਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। 


'ਆਪ' ਮੁਤਾਬਕ ਰਾਘਵ ਚੱਢਾ ਨੇ ਦਿੱਲੀ 'ਚ ਕੇਂਦਰ ਸਰਕਾਰ ਵੱਲੋਂ ਬਣਾਈ ਗਈ MSP ਕਮੇਟੀ ਦਾ ਵਿਰੋਧ ਕੀਤਾ ਸੀ। ਇਸ ਵਿੱਚ ਉਨ੍ਹਾਂ ਇੱਕ ਹੱਥ ਵਿੱਚ ਐਮਐਸਪੀ ਕਮੇਟੀ ਨੂੰ ਬਰਖਾਸਤ ਕਰਨ ਦਾ ਪੋਸਟਰ ਫੜ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਹੱਥ ਵਿੱਚ ਪੰਜਾਬ ਦੇ ਕਿਸਾਨਾਂ ਦੇ ਹੱਕ ਦਿਵਾਉਣ ਦੀ ਮੰਗ ਵਾਲਾ ਪੋਸਟਰ ਫੜਿਆ ਹੋਇਆ ਸੀ।


'ਆਪ' ਦਾ ਇਲਜ਼ਾਮ ਹੈ ਕਿ ਇਸ ਨਾਲ ਛੇੜਛਾੜ ਕਰਕੇ ਇੱਕ ਪੋਸਟਰ ਵਿੱਚ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਦੀ ਇਜਾਜ਼ਤ ਦੇਣ ਤੇ ਦੂਜੇ ਹੱਥ ਵਿੱਚ ਦਿੱਲੀ ਤੇ ਹਰਿਆਣਾ ਨੂੰ ਬਰਾਬਰ ਪਾਣੀ ਦਾ ਹੱਕ ਦੇਣ ਦੀ ਮੰਗ ਲਿਖ ਦਿੱਤੀ ਗਈ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ 'ਆਪ' ਤੇ ਸੰਸਦ ਮੈਂਬਰ ਚੱਢਾ 'ਤੇ ਸਵਾਲ ਉਠਾਏ ਗਏ ਹਨ।


 






 


ਹਾਲ ਹੀ ਵਿੱਚ ਕੇਂਦਰ ਨੇ ਐਮਐਸਪੀ ਨੂੰ ਲੈ ਕੇ ਇੱਕ ਕਮੇਟੀ ਬਣਾਈ ਹੈ। ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਇਸ ਵਿੱਚ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੂੰ ਨਹੀਂ ਰੱਖਿਆ ਗਿਆ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਵੀ ਥਾਂ ਨਹੀਂ ਦਿੱਤੀ ਗਈ। ਇਸ ਦੇ ਉਲਟ ਵਿਵਾਦਤ ਖੇਤੀ ਕਾਨੂੰਨ ਬਣਾਉਣ ਤੇ ਇਸ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਡੰਡਿਆਂ ਨਾਲ ਕੁੱਟਣ ਦੀ ਗੱਲ ਕਰਨ ਵਾਲਿਆਂ ਨੂੰ ਮੈਂਬਰ ਬਣਾਇਆ ਗਿਆ ਹੈ।