ਯਾਦਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ

ਚੰਡੀਗੜ੍ਹ: ਸਿਆਸਤ 'ਚ ਜੋ ਨਜ਼ਰ ਆਉਂਦਾ ਹੈ, ਉਹ ਹੁੰਦਾ ਨਹੀਂ ਹੈ ਤੇ ਜੋ ਹੁੰਦਾ ਹੈ, ਉਹ ਨਜ਼ਰ ਨਹੀਂ ਆਉਂਦਾ। ਖ਼ਾਸ ਤੌਰ 'ਤੇ ਜੇ ਗੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੇ ਘਾਗ ਸਿਆਸਤਦਾਨ ਦੀ ਰਣਨੀਤੀ ਤੇ ਰਾਜਨੀਤੀ ਹੋਵੇ ਤਾਂ ਚੀਜ਼ਾਂ 'ਡੀਕੋਡ' ਕਰਨੀਆਂ ਬੇਹੱਦ ਔਖੀਆਂ ਹੋ ਜਾਂਦੀਆਂ ਹਨ। ਪਿਛਲੇ 'ਸਿਆਸੀ ਪੋਸਟ ਮਾਰਟਮ' 'ਚ ਗੋਬਿੰਦ ਸਿੰਘ ਲੌਂਗੋਵਾਲ ਦੇ ਐਸਜੀਪੀਸੀ ਪ੍ਰਧਾਨ ਬਣਨ ਪਿੱਛੇ ਬਾਦਲਾਂ ਦੀ ਰਣਨੀਤੀ ਸਮਝਾਈ ਸੀ। ਅੱਜ ਲੌਂਗੋਵਾਲ ਦੀ ਪ੍ਰਧਾਨਗੀ ਜ਼ਰੀਏ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸਿਆਸਤ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ।


ਅੱਜ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਸਭ ਤੋਂ ਕੱਦਵਾਰ ਲੀਡਰ ਸੁਖਦੇਵ ਸਿੰਘ ਢੀਂਡਸਾ ਹਨ। ਯਾਨੀ ਬਾਦਲ ਪਰਿਵਾਰ ਲਈ ਮਰਹੂਮ ਜਥੇਦਾਰ ਜਗਦੇਵ ਤਲਵੰਡੀ, ਮਰਹੂਮ ਗੁਰਚਰਨ ਸਿੰਘ ਟੌਹੜਾ ਆਦਿ ਤੋਂ ਬਾਅਦ ਢੀਂਡਸਾ ਹੀ ਇੱਕ ਵੰਗਾਰ ਹਨ। ਸਿਆਸਤ 'ਚ ਪੈਸਾ ਵੀ ਅਹਿਮ ਹੁੰਦਾ ਹੈ। ਸ਼ਾਇਦ, ਸਿਆਸਤਦਾਨ ਟੌਹੜਾ ਪੈਸੇ ਨਾ ਹੋਣ ਕਾਰਨ ਹੀ ਬਾਦਲਾਂ ਨੂੰ ਮੁਕਾਬਲਾ ਨਹੀਂ ਦੇ ਸਕੇ ਸਨ। ਢੀਂਡਸਾ ਦੇ ਮਾਮਲੇ 'ਚ ਇਹ ਗੱਲ ਨਹੀਂ ਹੈ। ਢੀਂਡਸਾ ਖ਼ੁਦ ਵੀ ਸਾਧਨ ਸੰਪੰਨ ਹਨ ਤੇ ਦੂਜੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਦੇ ਸਹੁਰਾ ਸਾਹਬ ਵੀ ਪੰਜਾਬ ਦੇ ਵੱਡੇ ਅਮੀਰਾਂ 'ਚੋਂ ਇੱਕ ਹਨ ਤੇ ਉਹ 'ਬੰਬੇ' ਰਹਿ ਕੇ ਬਿਜ਼ਨੈੱਸ ਕਰਦੇ ਹਨ।


 

ਅਕਾਲੀ ਦਲ ਦੇ ਸੂਤਰ ਦੱਸਦੇ ਹਨ ਕਿ ਅਕਾਲੀ ਦਲ ਦੀਆਂ ਅੰਦਰੂਨੀ ਬੈਠਕਾਂ 'ਚ ਤਕਰੀਬਨ ਸਾਰੇ ਹੀ ਲੀਡਰ ਸਿਰਫ਼ 'ਯੈਸ ਸਰ' ਹਨ। ਇਕੱਲੇ ਢੀਂਡਸਾ ਅੱਜ ਵੀ ਕਈ ਗੱਲਾਂ 'ਤੇ ਅੜ ਜਾਂਦੇ ਹਨ। ਚੋਣਾਂ ਤੋਂ ਪਹਿਲਾਂ ਉਨ੍ਹਾਂ ਅਕਾਲੀ ਦਲ ਦੇ ਚੰਡੀਗੜ੍ਹ ਦਫ਼ਤਰ ਦੀ ਜਨਤਕ ਮੀਟਿੰਗ 'ਚ ਸਟੇਜ ਤੋਂ ਕਹਿ ਦਿੱਤਾ ਸੀ ਕਿ ਮੈਨੂੰ ਬੈਠਕ ਦਾ ਸੱਦਾ ਹੀ ਨਹੀਂ ਲੱਗਿਆ ਸੀ ਤੇ ਬਾਦਲ ਦੇ ਚਹੇਤੇ ਲੀਡਰਾਂ ਨੇ ਉਨ੍ਹਾਂ ਨੂੰ ਕਿਵੇਂ ਨਾ ਕਿਵੇਂ ਸ਼ਾਂਤ ਕੀਤਾ ਸੀ। ਇਸੇ ਤਰ੍ਹਾਂ ਸੂਤਰਾਂ ਮੁਤਾਬਕ ਉਹ ਚੋਣਾਂ ਤੋਂ ਪਹਿਲਾਂ ਪਾਰਟੀ ਖ਼ਿਲਾਫ ਚੱਲਦੇ ਮੁੱਦਿਆਂ ਨਸ਼ਾ ਤਸਕਰੀ, ਮਾਇਨਿੰਗ ਮਾਫ਼ੀਆ ਤੇ ਅਕਾਲੀ ਦਲ 'ਤੇ ਲੱਗਦੇ ਹੋਰ ਇਲਜ਼ਮਾਂ ਨੂੰ ਜ਼ੋਰਾਂ-ਸ਼ੋਰਾਂ ਨਾਲ ਪਾਰਟੀ ਅੰਦਰ ਉਠਾਉਂਦੇ ਰਹੇ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਨੂੰ ਕੇਂਦਰ ਦੀ ਐਨਡੀਏ ਸਰਕਾਰ 'ਚ ਵੀ ਮੰਤਰੀ ਨਾ ਬਣਾਉਣ ਦਾ ਰੰਜ਼ ਹੈ। ਪੰਜਾਬ ਤੋਂ ਇੱਕੋ ਮੰਤਰੀ ਜਾਣਾ ਸੀ ਤੇ ਉਹ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਹੈ। ਸੀਨੀਅਰਤਾ ਨੇ ਹਿਸਾਬ ਨਾਲ ਹਰਸਿਮਰਤ ਢੀਂਡਸਾ ਦੇ ਮੁਕਾਬਲੇ ਕਿਤੇ ਨਹੀਂ ਟਿਕਦੇ ਪਰ ਇਸ ਦੇ ਬਾਵਜੂਦ ਬਾਦਲ ਦੀ ਨੂੰਹ ਹੋਣ ਕਰਕੇ ਉਹ ਮੰਤਰੀ ਬਣੇ।


 

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਨਾਲ ਕੀ ਸਬੰਧ ਹੈ? ਪੰਜਾਬ ਸਿਆਸਤ 'ਚ ਚਰਚਿਤ ਗੱਲ ਹੈ ਕਿ ਅਕਾਲੀ ਸਰਕਾਰ ਸਮੇਂ ਮਾਝੇ 'ਚ ਬਿਕਰਮ ਮਜੀਠੀਆ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਇਸੇ ਤਰ੍ਹਾਂ ਬਾਦਲਾਂ ਦੇ ਇਲਾਕੇ 'ਚ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਵੱਖ-ਵੱਖ ਇਲਾਕਿਆਂ 'ਚ ਹੋਰ ਅਕਾਲੀ ਲੀਡਰਾਂ ਦੀ ਚੱਲਦੀ ਸੀ। ਸੰਗਰੂਰ ਤੇ ਬਰਨਾਲਾ ਇਲਾਕੇ 'ਚ ਢੀਂਡਸਾ ਪਰਿਵਾਰ ਦਾ ਇਸੇ ਤਰ੍ਹਾਂ ਦਾ ਜਬਰਦਸਤ ਦਬਦਬਾ ਹੈ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਇਲਾਕੇ 'ਚ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਤੋਂ ਕੋਈ ਵੱਡਾ ਲੀਡਰ ਨਹੀਂ ਬਣਾ ਸਕਿਆ। ਕਹਿੰਦੇ ਨੇ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਢੀਂਡਸਾ ਨੇ ਬਰਨਾਲਾ ਪਰਿਵਾਰ, ਸਾਬਕਾ ਮੰਤਰੀ ਬਲਦੇਵ ਸਿੰਘ, ਮਰਹੂਮ ਮਲਕੀਤ ਸਿੰਘ ਕੀਤੂ ਤੇ ਹੋਰ ਕਈਆਂ ਦੇ ਸੰਗਰੂਰ ਤੇ ਬਰਨਾਲਾ 'ਚ ਪੈਰ ਨਹੀਂ ਲੱਗਣ ਦਿੱਤੇ।

ਸਿਆਸੀ ਇਤਿਹਾਸ ਇਹ ਹੈ ਜਦੋਂ ਕੋਈ ਪਾਰਟੀ ਸੱਤਾ 'ਚ ਨਾ ਹੋਵੇ ਤੇ ਕਮਜ਼ੋਰ ਹੋਵੇ ਤਾਂ ਉਸ 'ਚ ਲੀਡਰ ਸਥਾਪਤ ਧਿਰ ਨੂੰ ਅੱਖਾਂ ਦਿਖਾਉਂਦੇ ਹਨ ਤੇ ਬਗਾਵਤ ਹੋਣ ਦੀਆਂ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਸ਼ਾਇਦ ਇਸੇ ਧਾਰਨਾ ਵਿੱਚੋਂ ਯਾਨੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ 'ਚੋਂ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਨਿਕਲੀ ਹੈ। ਢੀਂਡਸਾ ਲੰਮੇ ਸਮੇਂ ਤੋਂ ਸੰਗਰੂਰ-ਬਰਨਾਲਾ ਦਾ ਇੱਕੋ ਇੱਕ ਮਜ਼ਬੂਤ ਪਾਵਰ ਸੈਂਟਰ ਹਨ। ਸਿਰਫ਼ ਮਰਹੂਮ ਮਲਕੀਤ ਕੀਤੂ ਨੇ ਇਸ ਨੂੰ ਜਨਤਕ ਤੌਰ 'ਤੇ ਤੋੜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਰਹੇ। ਹੁਣ ਬਾਦਲਾਂ ਨੇ ਢੀਂਡਸਾ ਦੇ ਇਲਾਕੇ 'ਚ ਦੂਜਾ ਵੱਡਾ ਪਾਵਰ ਸੈਂਟਰ ਖੜ੍ਹਾ ਕਰ ਦਿੱਤਾ ਹੈ। ਉਹ ਵੀ ਉਦੋਂ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ। ਇਸ ਤੋਂ ਪਹਿਲਾਂ ਬਰਨਾਲਾ ਪਰਿਵਾਰ ਦੀ ਅਕਾਲੀ ਦਲ ਵਿੱਚ ਵਾਪਸੀ ਤੇ ਮਰਹੂਮ ਮਲਕੀਤ ਸਿੰਘ ਕੀਤੂ ਦੇ ਬੇਟੇ ਕੁਲਵੰਤ ਸਿੰਘ ਕੀਤੂ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣਾ ਵੀ ਇਸੇ ਕਵਾਇਦ ਦਾ ਹਿੱਸਾ ਮੰਨਿਆ ਜਾ ਸਕਦਾ ਹੈ।

ਯਾਨੀ ਜੇ ਸਿਆਸੀ ਲਿਹਾਜ ਨਾਲ ਦੇਖਿਆ ਜਾਵੇ ਤਾਂ ਬਰਨਾਲਾ-ਸੰਗਰੂਰ 'ਚ ਅੱਜ ਦੀ ਘੜੀ ਢੀਂਡਸਾ ਪਰਿਵਾਰ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਗੋਬਿੰਦ ਸਿੰਘ ਲੌਂਗੋਵਾਲ ਹਨ। ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਬਰਨਾਲਾ-ਸੰਗਰੂਰ 'ਚ ਢੀਂਡਸਾ ਵਿਰੋਧੀ ਧੜਾ ਜਬਰਦਸਤ ਸਰਗਰਮ ਹੋਇਆ ਹੈ। ਸੁਖਦੇਵ ਸਿੰਘ ਢੀਂਡਸਾ ਦੀ ਫੋਟੋ ਤੋਂ ਬਿਨਾਂ ਲੌਂਗੋਵਾਲ ਨੂੰ ਵਧਾਈਆਂ ਦਿੰਦੇ ਵੱਡੇ-ਵੱਡੇ ਪੋਸਟਰ ਭਵਾਨੀਗੜ੍ਹ ਤੋਂ ਤਪਾ ਤੱਕ ਦੇਖੇ ਜਾ ਸਕਦੇ ਹਨ। ਦਰਅਸਲ ਬਾਦਲਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ। ਪਹਿਲਾਂ ਇੱਕ ਲੋ-ਪ੍ਰੋਫਾਈਲ ਲੀਡਰ ਨੂੰ ਪ੍ਰਧਾਨਗੀ ਦੇ ਕੇ ਦੱਸਿਆ ਪਾਰਟੀ ਸਿਰਫ਼ ਬਾਦਲ ਪਰਿਵਾਰ ਦੀ ਨਹੀਂ ਸਭ ਦੀ ਹੈ ਤੇ ਦੂਜਾ ਇਸ ਨਾਲ ਉਹ ਢੀਂਡਸਾ ਨੂੰ ਸੰਗਰੂਰ-ਬਰਨਾਲਾ 'ਚੋਂ ਕਿਨਾਰੇ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕਰਨਗੇ। ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਜੋ ਇਲਾਕੇ 'ਚ ਜਨਤਕ ਪਕੜ ਬਣਾਈ ਹੈ, ਉਸ ਨੂੰ ਗੋਬਿੰਦ ਸਿੰਘ ਲੌਂਗੋਵਾਲ ਲਈ ਤੋੜਣਾ ਮੁਸ਼ਕਲ ਰਹੇਗਾ ਕਿਉਂਕਿ ਲੌਂਗੋਵਾਲ ਦਾ ਕੋਈ ਵੱਡਾ ਜਨਤਕ ਅਧਾਰ ਨਹੀਂ।

ਵੈਸੇ ਐਸਜੀਪੀਸੀ ਆਪਣੇ ਆਪ 'ਚ ਸ਼ਕਤੀਸਾਲੀ ਤੇ ਸਾਧਨ ਸੰਪੰਨ ਸੰਸਥਾ ਹੈ ਤੇ ਪ੍ਰਧਾਨਗੀ ਨਾਲ ਲੌਂਗੋਵਾਲ ਲੋਕਾਂ ਦੇ ਬਹੁਤ ਸਾਰੇ ਕੰਮ ਕਰਵਾ ਸਕਦੇ ਹਨ। ਗੋਬਿੰਦ ਲੌਂਗੋਵਾਲ ਵੀ ਇਲਾਕੇ 'ਚ ਫੌਕਸ ਕਰਨ ਲੱਗੇ ਹਨ ਤੇ ਉਹ ਹੀ ਆਪਣੇ ਜ਼ਰੀਏ ਇਲਾਕੇ 'ਚੋਂ ਢੀਂਡਸਾ ਪਰਿਵਾਰ ਦੇ ਪ੍ਰਭਾਵ ਨੂੰ ਤੋੜਣ ਦੀ ਕੋਸ਼ਿਸ਼ ਕਰਨਗੇ। ਲੌਂਗੋਵਾਲ ਬਾਰੇ ਇੱਕ ਅਹਿਮ ਤੱਥ ਇਹ ਵੀ ਹੈ ਕਿ ਅੱਜਕਲ੍ਹ ਪਿੰਘਲਵਾੜਾ ਸੰਸਥਾ ਨੂੰ ਚਲਾਉਣ ਵਾਲੇ ਬੀਬੀ ਇੰਦਰਜੀਤ ਕੌਰ ਉਨ੍ਹਾਂ ਦੇ ਰਿਸ਼ਤੇਦਾਰ (ਸਾਲੀ) ਹਨ। ਯਾਨੀ ਬੀਬੀ ਦੀ ਛੋਟੀ ਭੈਣ ਗੋਬਿੰਦ ਲੌਂਗੋਵਾਲ ਦੀ ਪਤਨੀ ਹੈ। ਸਿਆਸਤ 'ਚ ਸਿਆਸੀ ਚਾਲਾਂ ਤਾਂ ਬਹੁਤ ਸਾਰੀਆਂ ਚੱਲੀਆਂ ਜਾਂਦੀਆਂ ਹਨ ਪਰ ਕਈ ਵਾਰ ਸਾਰੀਆਂ ਕਾਮਯਾਬ ਵੀ ਨਹੀਂ ਹੁੰਦੀਆਂ ਹਨ ਹੁਣ ਦੇਖਣਾ ਹੈ ਕਿ ਬਾਦਲ ਪਰਿਵਾਰ ਦੀ 'ਲੌਂਗੋਵਾਲ ਚਾਲ' ਕਿੰਨਾ ਕੁ ਕਾਮਯਾਬ ਹੁੰਦੀ ਹੈ।