ਚੰਡੀਗੜ੍ਹ: ਪੰਜਾਬ 'ਚ ਸਿਆਸਤ 'ਚ ਗੰਨੇ ਦਾ ਮੁੱਲ ਵੱਡਾ ਮੁੱਦਾ ਬਣਿਆ ਹੋਇਆ ਹੈ। ਇੱਕ ਪਾਸੇ ਹਰਿਆਣਾ ਗੰਨੇ ਦਾ ਪ੍ਰਤੀ ਕੁਇੰਟਲ ਮੁੱਲ 330 ਰੁਪਏ ਦੇ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਇਹ ਭਾਅ ਸਿਰਫ਼ 300 ਰੁਪਇਆ ਦੇ ਰਹੀ ਹੈ। ਅਜਿਹੇ 'ਚ ਇਹ ਸਵਾਲ ਬੜਾ ਅਹਿਮ ਹੈ ਕਿ ਸੂਬੇ ਦੇ ਗੰਨਾ ਕਿਸਾਨਾਂ ਨੂੰ ਘੱਟ ਮੁੱਲ ਕਿਉਂ ਮਿਲ ਰਿਹਾ ਹੈ? ਇਸ ਤੋਂ ਇਹ ਵੀ ਸਭ ਦੇ ਜ਼ਹਿਨ 'ਚ ਹੋਵੇਗਾ ਕਿ ਪੰਜਾਬ ਦੀਆਂ ਅਹਿਮ ਗੰਨਾ ਮਿੱਲਾਂ ਦੇ ਮਾਲਕ ਕੌਣ-ਕੌਣ ਹਨ। 'ਏਬੀਪੀ ਸਾਂਝਾ' ਤੁਹਾਨੂੰ ਪੰਜਾਬ ਦੀਆਂ ਅਹਿਮ ਗੰਨਾ ਮਿੱਲਾਂ ਦੇ ਮਾਲਕਾਂ ਬਾਰੇ ਦੱਸ ਰਿਹਾ ਹੈ ਜਿਨ੍ਹਾਂ ਨਾਲ ਸੂਬੇ ਦੇ ਸ਼ੂਗਰ ਕਾਰੋਬਾਰ 'ਤੇ ਕਬਜ਼ਾ ਦੀ ਅਕਾਲੀ-ਕਾਂਗਰਸੀ ਕਹਾਣੀ ਸਾਫ਼ ਹੋ ਜਾਵੇਗੀ।


ਪੰਜਾਬ ਦੇ ਵਿਵਾਦਤ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਸਿੰਘ 'ਰਾਣਾ ਸ਼ੂਗਰ ਮਿੱਲਜ਼' ਦੇ ਮਾਲਕ ਹਨ। ਉਨ੍ਹਾਂ 'ਤੇ ਰੇਤ ਖੱਡਾਂ 'ਚ ਘਪਲੇ ਦਾ ਇਲਜ਼ਾਮ ਵੀ ਲੱਗ ਚੁੱਕਾ ਹੈ। ਰਾਣਾ ਬੜੇ ਲੰਮੇ ਸਮੇਂ ਤੋਂ ਸ਼ੂਗਰ ਮਿੱਲਜ਼ ਦੇ ਕਾਰੋਬਾਰ 'ਚ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮੇਸ਼ਾਂ ਚਹੇਤੇ ਰਹੇ ਹਨ। ਦੂਜਾ ਵੱਡਾ ਨਾਂ ਹੈ ਜਰਨੈਲ ਸਿੰਘ ਵਾਹਦ। ਜਰਨੈਲ ਸਿੰਘ ਵਾਹਦ ਸ਼੍ਰੋਮਣੀ ਅਕਾਲੀ ਦੇ ਲੀਡਰ ਤੇ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਚਹੇਤੇ ਹਨ। ਇਹ ਪਿਛਲੀ ਬਾਦਲ ਸਰਕਾਰ 'ਚ ਮਾਰਕਫੈਡ ਦੇ ਚੇਅਰਮੈਨ ਰਹੇ ਹਨ। ਵਾਹਦ ਫਗਵਾੜਾ 'ਚ 'ਵਾਹਦ ਸੰਧਰ ਸ਼ੂਗਰ ਮਿੱਲ' ਚਲਾਉਂਦੇ ਹਨ। ਸੂਤਰਾਂ ਮੁਤਾਬਕ ਇਹ ਮਿੱਲ ਅਕਾਲੀ ਦਲ ਦੇ ਵੱਡੇ ਲੀਡਰ ਦੇ ਹਿੱਸੇਦਾਰੀ ਹੈ।

ਤੀਜਾ ਵੱਡਾ ਨਾਂ ਹੈ ਕਮਲ ਓਸਵਾਲ। ਇਨ੍ਹਾਂ ਦੀ ਅਮਲੋਹ 'ਚ ਸ਼ੂਗਰ ਇੰਡਸਟਰੀ ਹੈ। ਓਸਵਾਲ ਪਿਛਲੀ ਸਰਕਾਰ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਸਨ। ਇਨ੍ਹਾਂ ਨੂੰ ਬਕਾਇਦਾ ਕੈਬਨਿਟ ਰੈਂਕ ਦਿੱਤਾ ਗਿਆ ਸੀ। ਓਸਵਾਲ ਪੰਜਾਬ ਦੇ ਵੱਡੇ ਸਨਅਤਕਾਰ ਹਨ ਤੇ ਲੁਧਿਆਣਾ 'ਚ ਇਨ੍ਹਾਂ ਦਾ ਹੌਜਰੀ ਦਾ ਵੱਡਾ ਕਾਰੋਬਾਰ ਹੈ। ਚੌਥਾ ਵੱਡਾ ਨਾਂ ਹੈ ਯੂਪੀ ਦਾ ਮੰਨਿਆ ਪ੍ਰਮੰਨਿਆ ਸਾਬਕਾ ਗੈਂਗਸਟਰ ਤੇ ਮੌਜੂਦਾ ਸਿਆਸਤਦਾਨ ਡੀ.ਪੀ. ਯਾਦਵ। ਕਹਿੰਦੇ ਨੇ ਸਰਕਾਰ ਜਿਸ ਦੀ ਮਰਜ਼ੀ ਹੋਵੇ ਡੀਪੀ ਯਾਦਵ ਦਾ ਡੰਕਾ ਹਰ ਥਾਂ ਖੜਕਦਾ ਹੈ। ਯਾਦਵ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ 'ਚ ਵੱਡੀ ਸ਼ੂਗਰ ਮਿੱਲ ਲਾਈ ਹੋਈ ਹੈ। ਇਹ ਉੱਤਰ ਪ੍ਰਦੇਸ਼ ਤੋਂ ਲੈ ਕੇ ਪੰਜਾਬ ਤੱਕ ਇਸ ਕਾਰੋਬਾਰ ਦਾ ਵਿਸਥਾਰ ਕਰ ਚੁੱਕਾ ਹੈ।

ਪੰਜਵਾਂ ਨਾਂ ਪੌਂਟੀ ਚੱਢਾ ਫੈਮਿਲੀ ਦਾ ਹੈ। ਪੌਂਟੀ ਚੱਡਾ ਪਰਿਵਾਰ ਬਾਰੇ ਜਾਣ ਪਛਾਣ ਦੀ ਲੋੜ ਨਹੀਂ ਹੈ। ਇਹ ਪਰਿਵਾਰ ਸਰਨਾਂ ਭਰਾਵਾਂ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਦਾ ਖਾਸ-ਮ-ਖਾਸ ਹੈ। ਸਰਨਾ ਅੱਜ ਵੀ ਧਾਰਮਿਕ ਮਾਮਲਿਆਂ ਬਾਰੇ ਕੈਪਟਨ ਦੇ ਸਲਾਹਕਾਰ ਹਨ। ਗੁਰਦਾਪੁਰ ਦੇ ਕੀੜੀ ਅਫਗਾਨਾਂ 'ਚ ਚੱਡਾ ਪਰਿਵਾਰ ਦੀ ਵੱਡੀ ਸ਼ੂਗਰ ਮਿੱਲ ਹੈ। ਪਿਛਲੀ ਕੈਪਟਨ ਸਰਕਾਰ 'ਚ ਪੰਜਾਬ ਦੇ ਸਭ ਤੋਂ ਵੱਡੇ ਸ਼ਰਾਬ ਕਾਰੋਬਾਰੀ ਸੀ। ਹੁਣ ਇੰਨਾ ਵਿਸਥਾਰ ਨਾਲ ਦੱਸਣ ਤੋਂ ਬਾਅਦ ਇਹ ਗੱਲ ਕਹਿਣ ਜਾਂ ਨਾ ਕਹਿਣ ਦੀ ਲੋੜ ਨਹੀਂ ਕਿ ਪੰਜਾਬ ਦੇ ਗੰਨਾ ਕਿਸਾਨਾਂ ਨਾਲ ਹਰ ਵਾਰ ਧੱਕਾ ਕਿਉਂ ਹੁੰਦਾ ਹੈ ਤੇ ਪੰਜਾਬ ਦੇ ਗੰਨਾ ਕਿਸਾਨਾਂ ਦੀ ਫਸਲ ਦਾ ਸਹੀ ਭਾਅ ਤੇ ਸਹੀ ਸਮੇਂ 'ਤੇ ਪੇਮੈਂਟ ਕਿਉਂ ਨਹੀਂ ਮਿਲਦੀ?