ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਵੱਡਾ ਸਵਾਲ ਉੱਠ ਰਿਹਾ ਹੈ ਕਿ ਨਸ਼ਾ ਤਸਕਰੀ ਦਾ ਕੇਸ ਦਰਜ ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਕਿੱਥੇ ਹੈ। ਪੁਲਿਸ ਮਜੀਠੀਆ ਨੂੰ ਲੱਭਣ ਲਈ ਛਾਪੇ ਮਾਰ ਰਹੀ ਹੈ ਪਰ ਯੂਥ ਅਕਾਲੀ ਦਲ ਨੇ ਵੱਡਾ ਦਾਅਵਾ ਕਰਕੇ ਪੰਜਾਬ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਹੈ। 


ਯੂਥ ਅਕਾਲੀ ਦਲ ਨੇ ਫੇਸਬੁੱਕ ਉੱਪਰ ਪੋਸਟ ਪਾ ਕੇ ਲਿਖਿਆ ਹੈ ਕਿ ਪੰਜਾਬ ਦੇ ਲੋਕਾ ਨੂੰ ਗੁੰਮਰਾਹ ਕਰਨ ਵਾਲੇ ਕਾਂਗਰਸੀਆ ਨੂੰ ਸਪੱਸ਼ਟ ਦੱਸ ਦਿੱਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਮੈਦਾਨ ਵਿੱਚ ਨੇ ਤੇ ਉਹ ਪੰਜਾਬ ਵਿਚ ਜਨਤਕ ਤੌਰ ਤੇ ਵਿਚਰ ਰਹੇ ਹਨ। ਕਾਂਗਰਸੀਆ ਦੀ ਘਟੀਆ ਮਾਨਸਿਕਤਾ ਨੂੰ ਜਵਾਬ ਦਿੱਤਾ ਜੋ ਕਹਿੰਦੇ ਹਨ ਕਿ ਬਿਕਰਮ ਸਿੰਘ ਮਜੀਠੀਆ ਗੁੰਮਸ਼ੁਦਾ ਹਨ।




ਦੱਸ ਦਈਏ ਕਿ ਡਰੱਗਜ਼ ਮਾਮਲੇ 'ਚ ਨਾਮਜ਼ਦ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੰਨੀ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸ਼੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਹੁਣ ਅਗਲੇ ਤਿੰਨ ਦਿਨ ਸਰਕਾਰ ਲਈ ਵੱਡੀ ਚੁਣੌਤੀ ਹੈ। ਮਜੀਠੀਆ ਦੀ ਅਗਾਊਂ ਜ਼ਮਾਨਤ 'ਤੇ ਹਾਈਕੋਰਟ ਵਿੱਚ 5 ਜਨਵਰੀ ਨੂੰ ਸੁਣਵਾਈ ਹੋਵੇਗੀ, ਸਰਕਾਰ ਇਸ ਤੋਂ ਪਹਿਲਾਂ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।


ਮਜੀਠੀਆ ਦੀਆਂ ਸ਼੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਪੰਜਾਬ ਸਰਕਾਰ 'ਚ ਤਰਥੱਲੀ ਮੱਚ ਗਈ ਹੈ। ਅੱਜ ਸਵੇਰੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮਜੀਠੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਚੰਡੀਗੜ੍ਹ ਤੇ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਤੋਂ ਇਲਾਵਾ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਤੇ ਕੁਝ ਕਰੀਬੀਆਂ ਦੇ ਟਿਕਾਣਿਆਂ 'ਤੇ ਪੰਜਾਬ ਪੁਲਿਸ ਪਹੁੰਚੀ। ਪੁਲਿਸ ਨੂੰ ਮਜੀਠੀਆ ਨਹੀਂ ਮਿਲੇ।


ਇਸ ਲਈ ਪੰਜਾਬ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਇੱਕ ਵਾਰ ਫਿਰ ਮੁਸੀਬਤ 'ਚ ਫਸ ਗਈ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਹਿਲਾਂ ਹੀ ਕਹਿ ਰਹੇ ਹਨ ਕਿ ਸਿਰਫ਼ ਕੇਸ ਦਰਜ ਕਰਨ ਨਾਲ ਕੰਮ ਨਹੀਂ ਚੱਲੇਗਾ। ਮਜੀਠੀਆ ਨੂੰ ਗ੍ਰਿਫ਼ਤਾਰ ਕਰਨਾ ਹੋਵੇਗਾ। ਸਰਕਾਰ ਕਹਿੰਦੀ ਰਹੀ ਹੈ ਕਿ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਮਜੀਠੀਆ ਨਹੀਂ ਲੱਭ ਰਿਹਾ। ਅਜਿਹੇ 'ਚ ਮਜੀਠੀਆ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਨੂੰ ਮੁੜ ਸਰਕਾਰ 'ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ।