Punjab News: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਸਬਾ ਬੱਸੀ ਪਠਾਣਾਂ ਦੇ ਵਾਰਡ ਨੰਬਰ 8 ਦੇ ਵਸਨੀਕ ਸ਼ਰਨਜੀਤ ਸਿੰਘ 'ਤੇ ਗੁਰਦੁਆਰਾ ਸਿੰਘ ਸਭਾ ਬੱਸੀ ਪਠਾਣਾਂ ਨੇੜੇ ਨੀਮ ਵਾਲਾ ਚੌਕ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਕਾਰਨ ਉਕਤ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। 


ਇਹ ਵੀ ਪੜ੍ਹੋ: ਮੀਂਹ ਨੇ ਤੋੜਿਆ 17 ਸਾਲ ਦਾ ਰਿਕਾਰਡ, ਅਗਲੇ ਦੋ ਦਿਨਾਂ ਲਈ ਔਰੇਂਜ ਅਲਰਟ


ਜ਼ੇਰੇ ਇਲਾਜ ਸ਼ਰਨਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸ 'ਤੇ 8-9 ਦੇ ਕਰੀਬ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਹ ਮਾਮਲਾ ਪੁਰਾਣੀ ਦੁਸ਼ਮਣੀ ਦਾ ਹੈ ਜੋ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਮਾਮਲੇ ਵਿੱਚ ਕੋਈ ਦਿਲਚਸਪੀ ਨਾ ਦਿਖਾਉਂਦੇ ਹੋਏ ਤੀਜੇ ਦਿਨ ਵੀ ਪੀੜਤ ਪਰਿਵਾਰ ਦੇ ਬਿਆਨ ਦਰਜ ਨਹੀਂ ਕੀਤੇ ਗਏ।


ਸ਼ਰਨਜੀਤ ਸਿੰਘ ਨੇ ਦੱਸਿਆ ਕਿ ਬੀਤੀ 28 ਅਪਰੈਲ ਦੀ ਸ਼ਾਮ ਨੂੰ ਜਦੋਂ ਉਹ ਨਿੰਮ ਵਾਲਾ ਚੌਕ ਸਥਿਤ ਨਾਈ ਦੀ ਦੁਕਾਨ ’ਤੇ ਵਾਲ ਕਟਾਉਣ ਲਈ ਗਿਆ ਤਾਂ ਕੁਝ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸ਼ਰਨਜੀਤ ਦੀ ਮਾਤਾ ਦਲਜੀਤ ਕੌਰ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੇ ਵੱਡੇ ਲੜਕੇ ਤਰਨਜੀਤ ਦੀ ਵੀ ਇਸੇ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਕਿਸੇ ਸਿਆਸੀ ਦਬਾਅ ਕਾਰਨ ਵਿਰੋਧੀ ਧਿਰ ਨੇ ਮੇਰੇ ਲੜਕੇ 'ਤੇ ਧਾਰਾ 307 ਤਹਿਤ ਕੇਸ ਦਰਜ ਕਰਵਾ ਦਿੱਤਾ, ਜਿਸ ਦਾ ਉਹ ਅੱਜ ਤੱਕ ਸੰਤਾਪ ਭੋਗ ਰਿਹਾ ਹੈ।


ਉਨ੍ਹਾਂ ਕਿਹਾ ਕਿ ਸਾਡੀ ਉਦੋਂ ਵੀ ਨਹੀਂ ਸੁਣੀ ਗਈ ਤੇ ਹੁਣ ਵੀ ਕੋਈ ਆਸ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਇਨਸਾਫ਼ ਦੀ ਅਪੀਲ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਮਾਮਲੇ ਦੀ ਜਾਂਚ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸ਼ਰਨਜੀਤ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦੇ ਐਕਸਰੇ ਕੀਤੇ ਜਾ ਰਹੇ ਹਨ। ਫਿਲਹਾਲ ਸ਼ਰਨਜੀਤ ਨੂੰ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: 'ਜੋ 2019 'ਚ ਹੋਇਆ, ਉਹੀ 2024 'ਚ ਵੀ ਹੋਵੇਗਾ', ਲੋਕਸਭਾ ਚੋਣਾਂ 2024 ਦੇ ਸਵਾਲ 'ਤੇ ਦੇਖੋ ਕੰਗਨਾ ਰਣੌਤ ਦਾ ਜਵਾਬ