Punjab Violence : ਹੁਸ਼ਿਆਰਪੁਰ ਜ਼ਿਲ੍ਹੇ ਦੇ ਸੈਲਾ ਖੁਰਦ ਕਸਬੇ ਵਿੱਚ ਮੰਗਲਵਾਰ ਸ਼ਾਮ ਨੂੰ ਦੋ ਗੁੱਟਾਂ ਵਿੱਚ ਹੋਈ ਲੜਾਈ ਵਿੱਚ ਸੱਤ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਗੜ੍ਹਸ਼ੰਕਰ ਦੇ ਉਪ ਪੁਲੀਸ ਕਪਤਾਨ ਦਲਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਨੂੰ ਜਾਂਦੇ ਸਮੇਂ ਦੁਕਾਨਦਾਰਾਂ ਤੇ ਕੁਝ ਲੋਕਾਂ ਵਿਚਕਾਰ ਝੜਪ ਹੋ ਗਈ, ਜੋ ਕੁਝ ਸਮੇਂ ਲਈ ਉੱਥੇ ਰੁਕ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਆਨੰਦਪੁਰ ਸਾਹਿਬ 'ਚ ਹੋਲੇ ਮੁਹੱਲੇ ਦੇ ਤਿਉਹਾਰ 'ਚ ਹਿੱਸਾ ਲੈਣ ਲਈ ਕੁਝ ਲੋਕ ਚਾਰ ਕਾਰਾਂ 'ਚ ਸਵਾਰ ਹੋ ਕੇ ਜਾ ਰਹੇ ਸਨ। ਰਸਤੇ ਵਿੱਚ ਉਹ ਸੈਲਾ ਖੁਰਦ ਵਿਖੇ ਰੁਕੇ ,ਜਿੱਥੇ ਉਨ੍ਹਾਂ ਦੀ ਦੁਕਾਨਦਾਰਾਂ ਨਾਲ ਬਹਿਸ ਹੋ ਗਈ।

 

ਇਹ ਵੀ ਪੜ੍ਹੋ : ਖੰਨਾ 'ਚ ਵਿਅਕਤੀ ਨੇ ਪਤਨੀ, ਸਹੁਰੇ ਤੇ ਸਾਲੀ ਤੋਂ ਦੁਖੀ ਹੋ ਕੇ ਕੀਤੀ ਆਤਮ ਹੱਤਿਆ, ਮਿਲਿਆ ਸੁਸਾਇਡ ਨੋਟ

ਜਾਣਕਾਰੀ ਮੁਤਾਬਕ ਦੋ ਖੁੱਲ੍ਹੀਆਂ ਜੀਪਾਂ ਅਤੇ ਇਕ ਟਾਟਾ ਸਫਾਰੀ ਵਾਹਨਾਂ ’ਚ ਸਵਾਰ ਹੋ ਕੇ ਇਹ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਇਹ ਨੌਜਵਾਨ ਬੱਸ ਸਟੈਂਡ ’ਤੇ ਸਾਮਾਨ ਖਰੀਦਣ ਆਏ ਤਾਂ  ਦੁਕਾਨਦਾਰਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ ਤੇ ਇਹ ਬਹਿਸ ਲੜਾਈ ’ਚ ਤਬਦੀਲ ਹੋ ਗਈ। ਪੀੜਤ ਲੜਕਿਆਂ ਦੇ ਭਰਾ ਗੁਲਸ਼ਨ ਠਾਕੁਰ ਨੇ ਦੱਸਿਆ ਕੇ ਜੀਪਾਂ ਵਿਚ ਸਵਾਰ ਨੌਜਵਾਨਾਂ ਨੇ ਜੀਪਾਂ ’ਚੋਂ ਤੇਜ਼ਧਾਰ ਹਥਿਆਰ ਕੱਢ ਕੇ ਦੁਕਾਨਦਾਰਾਂ ਮੋਨੂੰ ਤੇ ਜੈਸੀ ਰਾਣਾ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

 



ਹਾਸਲ ਜਾਣਕਾਰੀ ਮੁਤਾਬਕ ਦੋਵਾਂ ਵਿਚਾਲੇ ਤਕਰਾਰ ਇੰਨੀ ਵਧ ਗਈ ਕਿ ਬਾਅਦ 'ਚ ਬਹਿਸ ਨੇ ਹਿੰਸਕ ਰੂਪ ਲੈ ਲਿਆ ਤੇ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਵੀ ਕੀਤੀ। ਇਕ ਗੱਡੀ ਨੂੰ ਵੀ ਅੱਗ ਲੱਗ ਗਈ ਪਰ ਇਸ 'ਤੇ ਤੁਰੰਤ ਕਾਬੂ ਪਾ ਲਿਆ ਗਿਆ। ਪੁਲਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਥਾਣਾ ਮਾਹਿਲਪੁਰ ਵਿਖੇ ਦੋਵਾਂ ਧਿਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।