ਗਗਨਦੀਪ ਸ਼ਰਮਾ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਹਾਲ ਹੀ 'ਚ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਪੰਜਾਬ (ਸਿਰਫ ਜਲੰਧਰ) ਸਮੇਤ ਹਰਿਆਣਾ, ਰਾਜਸਥਾਨ, ਛੱਤੀਸਗੜ ਤੇ ਗੁਜਰਾਤ ਦੇ 13 ਜ਼ਿਲ੍ਹਿਆਂ 'ਚ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਆ ਕੇ ਰਹਿ ਰਹੇ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਬਾਬਤ ਉਨਾਂ ਕੋਲੋਂ ਅਰਜ਼ੀਆਂ ਮੰਗੀਆਂ ਹਨ। ਅੰਮ੍ਰਿਤਸਰ 'ਚ ਰਹਿ ਸ਼ਰਨਾਰਥੀਆਂ ਨੇ ਇਸ 'ਤੇ ਅੰਮ੍ਰਿਤਸਰ ਦਾ ਨਾਮ ਨਾ ਸ਼ਾਮਲ ਹੋਣ 'ਤੇ ਮਾਯੂਸੀ ਜ਼ਾਹਿਰ ਕੀਤੀ ਹੈ। 

 

ਨਾਲ ਹੀ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਹੁਣ ਅੰਮ੍ਰਿਤਸਰ 'ਚ ਰਹਿ ਰਹੇ ਸ਼ਰਨਾਰਥੀਆਂ ਦਾ ਨੰਬਰ ਵੀ ਆ ਜਾਵੇਗਾ। ਅੰਮ੍ਰਿਤਸਰ 'ਚ ਰਹਿਣ ਵਾਲੇ ਜ਼ਿਆਦਾਤਰ ਸ਼ਰਨਾਰਥੀ ਪਾਕਿਸਤਾਨ ਤੋਂ ਆਏ ਹਨ, ਜਦਕਿ ਦੋ ਕੁ ਪਰਿਵਾਰ ਅਫਗਾਨਿਸਤਾਨ ਤੋਂ ਭਾਰਤ ਆਏ ਸੀ। ਪਾਕਿਸਤਾਨ ਤੋਂ ਆਏ ਸਿੱਖ ਤੇ ਹਿੰਦੂ ਪਰਿਵਾਰ ਅੰਮ੍ਰਿਤਸਰ ਦੇ ਜਹਾਜਗੜ 'ਚ ਕਬਾੜ ਤੇ ਟਾਇਰਾਂ ਦਾ ਕਾਰੋਬਾਰ ਕਰਦੇ ਹਨ। ਸ਼ਰਨ ਸਿੰਘ ਪਾਕਿਸਤਾਨ ਤੋਂ ਆਇਆ ਨੂੰ ਢਾਈ ਦਹਾਕੇ ਹੋ ਚੁੱਕੇ ਹਨ ਤੇ ਕਈ ਵਾਰ ਭਾਰਤ ਦੀ ਨਾਗਰਿਕਤਾ ਲੈਣ ਲਈ ਅਰਜ਼ੀ ਦਾਖਲ ਕੀਤੀ ਹੈ ਪਰ ਕਦੇ ਜਵਾਬ ਹੀ ਨਹੀਂ ਵਾਪਸ ਆਇਆ। ਸਗੋਂ ਹਰ ਸਾਲ ਵੀਜਾ ਵਧਵਾਉਣਾ ਪੈਂਦਾ ਹੈ ਤੇ ਆਏ ਸਾਲ ਸਖਤੀ ਵੱਧ ਜਾਂਦੀ ਹੈ। 

 

ਅੰਮ੍ਰਿਤਸਰ ਦਾ ਨਾਂ ਸੂਚੀ ਨਾ ਹੋਣ 'ਤੇ ਸ਼ਰਨ ਸਿੰਘ ਨੇ ਆਖਿਆ ਕਿ ਹਰੇਕ ਜ਼ਿਲ੍ਹੇ ਦੇ ਸ਼ਰਨਾਰਥੀ ਨੂੰ ਭਾਰਤ ਦੀ ਨਾਗਰਿਕਤਾ ਮਿਲਣੀ ਚਾਹੀਦੀ ਹੈ। ਜਲੰਧਰ ਵਾਲੇ ਵੀ ਸਾਡੇ ਆਪਣੇ ਹਨ ਤੇ ਹੁਣ ਉਮੀਦ ਬੱਝੀ ਹੈ ਕਿ ਅੰਮ੍ਰਿਤਸਰ ਦਾ ਨੰਬਰ ਵੀ ਆਵੇਗਾ। ਗੁਰਮੀਤ ਸਿੰਘ ਸਿਰਫ ਸੱਤ ਸਾਲ ਦਾ ਸੀ ਜਦ ਮਾਪਿਆਂ ਨਾਲ ਪਾਕਿਸਤਾਨ ਤੋਂ ਭਾਰਤ ਦੇ ਅੰਮ੍ਰਿਤਸਰ ਸ਼ਹਿਰ 'ਚ ਆ ਗਿਆ ਤੇ ਇਥੇ ਹੀ ਪਲਿਆ ਵਧਿਆ। ਗੁਰਮੀਤ ਨੇ ਕਿਹਾ ਕਿ ਅੰਮ੍ਰਿਤਸਰ 'ਚ ਰਹਿਣ ਵਾਲੇ ਸ਼ਰਨਾਰਥੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ ਕਿਉਂਕਿ ਅੰਮ੍ਰਿਤਸਰ 'ਚ 35 ਤੋਂ 40 ਪਰਿਵਾਰ ਰਹਿੰਦੇ ਹਨ ਜੋ ਪਾਕਿਸਤਾਨੋ ਤੋਂ ਆਏ ਹਨ ਜਦਕਿ ਜਲੰਧਰ 'ਚ ਗਿਣਤੀ ਬਹੁਤ ਘੱਟ ਹੈ। ਗੁਰਮੀਤ ਨੇ ਕਿਹਾ ਕਿ ਭਾਰਤੀ ਨਾਗਰਿਕਤਾ ਮਿਲਣ ਦੀ ਆਸ ਦੇ ਸਹਾਰੇ ਹੀ ਅਸੀਂ ਬੈਠੇ ਹਾਂ। 

 

ਸ਼ਿਵ ਕੁਮਾਰ ਆਪਣੇ ਪਰਿਵਾਰ ਨਾਲ 2004 'ਚ ਭਾਰਤ ਆਇਆ ਸੀ ਤੇ ਨਾਗਰਿਕਤਾ ਅਪਲਾਈ ਕੀਤੀ ਪਰ ਮਿਲੀ ਨਹੀਂ। ਉਨ੍ਹਾਂ ਕਿਹਾ ਹੁਣ ਆਸ ਜਾਪਦੀ ਹੈ ਕਿ ਨਾਗਰਿਕਤਾ ਮਿਲ ਜਾਵੇਗੀ ਕਿਉਂਕਿ ਨਾਗਰਿਕਤਾ ਨਾ ਹੋਣ ਕਾਰਨ ਅੰਮ੍ਰਿਤਸਰ ਤੋਂ ਬਾਹਰ ਅਸੀਂ ਜਾ ਨਹੀਂ ਸਕਦੇ ਤੇ ਹੋਰ ਕਈ ਪਾਬੰਦੀਆਂ ਹਨ। ਜਲੰਧਰ ਦਾ ਨਾਮ ਗਜਟ 'ਚ ਆਉਣ 'ਤੇ ਸ਼ਿਵ ਨੇ ਕਿਹਾ ਕਿ ਜਲੰਧਰ ਉਨਾਂ ਦੇ ਰਿਸ਼ਤੇਦਾਰਾਂ ਦਾ ਪਰਿਵਾਰ ਰਹਿੰਦਾ ਹੈ ਤੇ ਉਨਾਂ ਨੂੰ ਨਾਗਰਿਕਤਾ ਮਿਲਣ ਤੋਂ ਬਾਅਦ ਆਸ ਹੈ ਕਿ ਸਾਡਾ ਨੰਬਰ ਵੀ ਆਵੇਗਾ।