ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਦੇਸ਼ ‘ਚ ਖ਼ਤਰਨਾਕ ਕੋਰੋਨਾਵਾਇਰਸ ਦੇ ਸੰਕਟ ਦਰਮਿਆਨ ਇੱਕ ਝੂਠ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਫੈਲਾਇਆ ਜਾ ਰਿਹਾ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਬਜ਼ੀਆਂ ਤੇ ਫਲਾਂ ਰਾਹੀਂ ਕੋਰੋਨਾਵਾਇਰਸ ਫੈਲਾਉਣ ਦੀ ਸਾਜਿਸ਼ ਰਚੀ ਗਈ ਹੈ। ਇਸ ਲਈ ਸਬਜ਼ੀ ਵੇਚਣ ਵਾਲੇ ਦੀ ਸ਼ਨਾਖਤੀ ਕਾਰਡ ਦੀ ਜਾਂਚ ਕਰੋ। ਇਸ ਮਾਮਲੇ ‘ਚ ਲੋਕ ਜਾਂ ਤਾਂ ਸਬਜ਼ੀਆਂ ਖਰੀਦਣ ਤੋਂ ਡਰਦੇ ਹਨ ਜਾਂ ਸਬਜ਼ੀਆਂ ਨੂੰ ਰਸਾਇਣ ਤੇ ਸਾਬਣ ਨਾਲ ਧੋ ਰਹੇ ਹਨ।

ਹੁਣ ਇਸ ਦਾਅਵੇ ਤੋਂ ਪੈਦਾ ਹੋਏ ਤਿੰਨ ਸਵਾਲ ਜਾਣੋ?

ਪਹਿਲਾ ਸਵਾਲ- ਕੀ ਸਬਜ਼ੀ ਤੋਂ ਕੋਰੋਨਾ ਸੰਕਰਮਣ ਨੂੰ ਫੈਲਾਉਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ?

ਦੂਜਾ ਸਵਾਲ - ਕੀ ਸਬਜ਼ੀ ਨਾਲ ਕੋਰੋਨਾ ਸੰਕਰਮਣ ਫੈਲ ਸਕਦਾ ਹੈ?

ਤੀਜਾ ਸਵਾਲ- ਕੀ ਸਬਜ਼ੀ ਨੂੰ ਸੈਨੀਟਾਈਜ਼ਰ ਤੇ ਸਾਬਣ ਨਾਲ ਧੋਣਾ ਸੁਰੱਖਿਅਤ ਹੈ?

ਮੱਧ ਪ੍ਰਦੇਸ਼ ਦੇ ਰਾਏਸਨ ਦੀ ਵੀਡੀਓ ਕੁਝ ਦਿਨ ਪਹਿਲਾਂ ਬਹੁਤ ਜ਼ਿਆਦਾ ਚਰਚਾ ‘ਚ ਰਹੀ, ਜਿਸ ‘ਚ ਇੱਕ ਬਜ਼ੁਰਗ ਵਿਅਕਤੀ ਫਲਾਂ ਨੂੰ ਥੁੱਕ ਲਾਉਂਦਾ ਹੋਇਆ ਨਜ਼ਰ ਆਇਆ। ਇਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਇਸ ਨਾਲ ਕੋਰੋਨਾਵਾਇਰਸ ਫੈਲਾਇਆ ਜਾ ਰਿਹਾ ਹੈ। ਅਫ਼ਵਾਹਾਂ ਫੈਲਾਈਆਂ ਕਿ ਜਾਣਬੁੱਝ ਕੇ ਇੱਕ ਵਿਸ਼ੇਸ਼ ਭਾਈਚਾਰਾ ਵਾਇਰਸ ਨੂੰ ਫੈਲਾਉਣ ਦੀ ਸਾਜਿਸ਼ ਕਰ ਰਿਹਾ ਹੈ। ਇਹ ਦਾਅਵਾ ਕੀਤਾ ਗਿਆ ਸੀ ਕਿ ਫਲਾਂ ਤੇ ਸਬਜ਼ੀਆਂ ਰਾਹੀਂ ਸੰਕਰਮਣ ਫੈਲ ਸਕਦਾ ਹੈ।

ਇਸ ਦਾਅਵੇ ‘ਤੇ WHO ਦੀ ਰਿਸਰਚ ਕੀ ਕਹਿੰਦੀ ਹੈ?

ਭਾਰਤ ਸਰਕਾਰ ਦੀ ਅਧਿਕਾਰਤ ਜਵਾਬ ਦੇਣ ਵਾਲੀ ਸੰਸਥਾ ਨੇ ਲਿਖਤੀ ਤੌਰ 'ਤੇ ਸਾਫ ਕਿਹਾ ਹੈ ਕਿ ਦੇਸ਼ ‘ਚ ਸਬਜ਼ੀਆਂ ਤੇ ਫਲਾਂ ਨਾਲ ਕੋਰੋਨਾ ਫੈਲਾਉਣ ਦੀ ਸਾਜਿਸ਼ ਦਾ ਦਾਅਵਾ ਝੂਠਾ ਹੈ।

ਕੀ ਸਬਜ਼ੀਆਂ ਤੇ ਫਲਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ?

ਸੈਨੀਟਾਈਜ਼ਰ ਜਾਂ ਸਾਬਣ ਨਾਲ ਫਲ ਅਤੇ ਸਬਜ਼ੀਆਂ ਨੂੰ ਧੋਣਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਿਰਫ ਪਾਣੀ ਨਾਲ ਫਲ ਤੇ ਸਬਜ਼ੀਆਂ ਸਾਫ਼ ਕਰੋ। ਕੇਲੇ, ਸੰਤਰੇ ਤੇ ਸੇਬ ਦੀ ਬਾਹਰੀ ਪਰਤ ਨੂੰ ਹਟਾ ਕੇ ਖਾਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜਦੋਂ ਦਾਲਾਂ ਤੇ ਸਬਜ਼ੀਆਂ ਪਕਾਈਆਂ ਜਾਂਦੀਆਂ ਹਨ, ਤਾਂ ਇਸ ‘ਚ ਮੌਜੂਦ ਸਾਰੇ ਵਾਇਰਸ ਮਰ ਜਾਂਦੇ ਹਨ, ਇਸ ਲਈ ਸੰਕਰਮਣ ਦਾ ਕੋਈ ਖ਼ਤਰਾ ਨਹੀਂ ਹੁੰਦਾ।

ਦੁੱਧ-ਦਹੀਂ ਜਾਂ ਹੋਰ ਡੇਅਰੀ ਉਤਪਾਦਾਂ ਨੂੰ ਸਿਰਫ ਪਾਣੀ ਨਾਲ ਧੋਣ ਨੂੰ ਕਿਹਾ ਗਿਆ ਹੈ। ਖਾਣ ਪੀਣ ਦੀਆਂ ਚੀਜ਼ਾਂ ਦਾ ਬਾਹਰੀ ਪੈਕੇਟ ਸਾਵਧਾਨੀ ਨਾਲ ਹਟਾਓ। ਉਸ ਪੈਕੇਟ ਜਾਂ ਬਕਸੇ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ਤੇ ਹੱਥਾਂ ਨੂੰ ਪਹਿਲਾਂ ਸਾਫ਼ ਪਾਣੀ ਨਾਲ ਧੋਵੋ ਜਾਂ ਗਲਾਵਜ਼ ਦੀ ਵਰਤੋਂ ਕਰੋ।