ਇਹ ਖ਼ਬਰ ਕੋਰੋਨਾ ਸੰਕਟ ਦੌਰਾਨ ਪੂਰੇ ਦੇਸ਼ ਵਿੱਚ ਥੋੜੀ ਜਿਹੀ ਰਾਹਤ ਦੇ ਸਕਦੀ ਹੈ। ਦੇਸ਼ ਦੇ ਕੁਝ ਕੋਰੋਨਾ ਪ੍ਰਭਾਵਿਤ ਰਾਜਾਂ ਵਿੱਚ ਹਰ ਰੋਜ਼ ਨਵੇਂ ਕੋਵਿਡ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਉਣ ਦੇ ਸੰਕੇਤ ਮਿਲੇ ਹਨ। ਮਹਾਰਾਸ਼ਟਰ, ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਉਤਰਾਖੰਡ ਵਿੱਚ ਹਰ ਦਿਨ ਨਵੇਂ ਕੋਰੋਨਾ ਲਾਗਾਂ ਦੀ ਗਿਣਤੀ ਵਿੱਚ ਕਮੀ ਆਈ ਹੈ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 30 ਅਪ੍ਰੈਲ ਨੂੰ ਦੇਸ਼ ਭਰ ਵਿੱਚ ਨਵੇਂ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4 ਲੱਖ ਨੂੰ ਪਾਰ ਕਰਨ ਤੋਂ ਬਾਅਦ ਇਹ ਗਿਣਤੀ 1 ਮਈ ਨੂੰ ਘੱਟ ਕੇ 3,92,488 ‘ਤੇ ਆ ਗਈ ਅਤੇ ਇਹ ਅੰਕੜਾ 2 ਮਈ ਨੂੰ 3,68,147 ਤੱਕ ਪਹੁੰਚ ਗਿਆ। ਸੋਮਵਾਰ 3 ਮਈ ਨੂੰ ਦੇਸ਼ ਵਿਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ 3,55,998 ਦਰਜ ਕੀਤੀ ਗਈ। ਦੇਸ਼ 'ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਔਸਤਨ ਵਿਕਾਸ ਦਰ 2.9% ਰਹੀ ਹੈ। ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 34 ਲੱਖ ਤੋਂ ਵੱਧ ਹੈ।
ਮਹਾਰਾਸ਼ਟਰ ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਸੰਕਰਮਿਤ ਰਾਜ ਹੈ। ਇੱਥੋਂ ਦੇ 12 ਜ਼ਿਲ੍ਹਿਆਂ ਵਿੱਚ ਪਿਛਲੇ 15 ਦਿਨਾਂ ਵਿੱਚ ਨਵੇਂ ਸੰਕਰਮਿਤ ਮਰੀਜ਼ਾਂ ਦੇ ਵਾਧੇ ਦੀ ਗਤੀ ਵਿੱਚ ਕਮੀ ਆਈ ਹੈ। ਇਸ ਤੋਂ ਇਲਾਵਾ ਕੋਵਿਡ ਦੀ ਰਫਤਾਰ ਛੱਤੀਸਗੜ੍ਹ ਦੇ ਦੁਰਗ, ਰਾਜਨੰਦਗਾਂਵ, ਰਾਏਪੁਰ, ਮੱਧ ਪ੍ਰਦੇਸ਼ ਦੇ ਛਿੰਦਵਾੜਾ, ਗੁਨਾ, ਸ਼ਾਜਾਪੁਰ, ਲੱਦਾਖ ਦੇ ਲੇਹ, ਤੇਲੰਗਾਨਾ ਦੇ ਨਿਰਮਲ ਵਿੱਚ ਵੀ ਕਮੀ ਦੇਖੀ ਜਾ ਰਹੀ ਹੈ।
ਹਾਲਾਂਕਿ, ਬਿਹਾਰ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲ ਵਰਗੇ ਰਾਜਾਂ ਵਿੱਚ, ਲਾਗ ਦੀ ਦਰ ਅਜੇ ਵੀ ਵੱਧ ਰਹੀ ਹੈ। ਇਸ ਸਾਲ ਮਾਰਚ ਮਹੀਨੇ ਤੋਂ ਭਾਰਤ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਪਕੜ 'ਚ ਦਿਖਾਈ ਦੇ ਰਿਹਾ ਹੈ। ਕੋਰੋਨਾ ਦੇ ਲੱਖਾਂ ਮਰੀਜ਼ ਹਰ ਰੋਜ਼ ਸਾਹਮਣੇ ਆ ਰਹੇ ਹਨ, ਸਾਡੇ ਦੇਸ਼ ਦਾ ਹੈਲਥ ਇਨਫਰਾਸਟਰਕਚਰ ਇਸ ਨਾਲ ਨਜਿੱਠਣ ਲਈ ਨਾਕਾਫੀ ਸਾਬਤ ਹੋ ਰਿਹਾ ਹੈ।