ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ (10 ਅਪ੍ਰੈਲ) ਨੂੰ ਕੁਝ ਸਿਹਤ ਮਾਹਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੋਰੋਨਾਵਾਇਰਸ (ਕੋਵਿਡ-19) ਦੀ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ। ਉਨ੍ਹਾਂ ਨੇ ਵੀਡੀਓ ਕਾਨਫਰੰਸ ਵਿੱਚ ਕਿਹਾ, “ਸਾਡੇ ਕੁਝ ਸੀਨੀਅਰ ਤੇ ਮਾਹਰਾਂ ਦੇ ਮੈਡੀਕਲ ਅਫਸਰਾਂ ਨੇ ਉਮੀਦ ਜਤਾਈ ਹੈ ਕਿ ਕੋਵਿਡ-19 ਸਤੰਬਰ ਦੇ ਅੱਧ ਤੱਕ ਆਪਣੇ ਸਿਖਰ ‘ਤੇ ਪਹੁੰਚ ਜਾਵੇਗਾ ਤੇ ਵਾਇਰਸ ਦੇਸ਼ ਦੇ 58 ਪ੍ਰਤੀਸ਼ਤ ਨੂੰ ਸੰਕਰਮਿਤ ਕਰ ਦੇਵੇਗਾ, ਜਦਕਿ ਇਸ ਨਾਲ ਪੰਜਾਬ ਦੇ 87 ਫੀਸਦ ਲੋਕ ਪ੍ਰਭਾਵਿਤ ਹੋਣਗੇ।”


ਸੂਬੇ ‘ਚ ਕੋਰੋਨਾ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦੱਸਿਆ ਸੀ ਕਿ 15 ਅਪਰੈਲ ਤੋਂ ਕਿਸਾਨਾਂ ਨੂੰ ਫਸਲਾਂ ਦੀ ਵਾਢੀ ਲਈ ਲੌਕਡਾਊਨ ‘ਚ ਢਿੱਲ ਦਿੱਤੀ ਜਾਵੇਗੀ ਪਰ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ‘ਚ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਵੀਡੀਓ ਕਾਨਫਰਸਿੰਗ ਰਾਹੀਂ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਪਹਿਲਾਂ ਲੌਕਡਾਊਨ ਕੀਤਾ ਤੇ ਬਾਅਦ ਵਿੱਚ ਕਰਫਿਊ ਲਗਾਇਆ ਫੇਰ ਲੋੜੀਂਦਾ ਸਮਾਨ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸਾਡੇ ਲੋਕ ਹਰ ਖੇਤਰ ‘ਚ ਪਹੁੰਚੇ ਹਨ ਤੇ ਜ਼ਰੂਰੀ ਚੀਜ਼ਾਂ ਪ੍ਰਦਾਨ ਕਰ ਰਹੇ ਹਨ।



ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 9000 ਤੋਂ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮਰੀਜ਼ਾਂ ਦੀ ਗਿਣਤੀ 9152 ਹੋ ਗਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 308 ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ 35 ਦੀ ਮੌਤ ਹੋ ਗਈ ਜਦੋਂ ਕਿ 705 ਹੋਰ ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ।