ਮੋਦੀ ਕੈਬਨਿਟ 'ਤੇ ਸਰਵੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਸਿਹਤ ਮੰਤਰੀ, ਸਿੱਖਿਆ ਮੰਤਰੀ, ਸੂਚਨਾ ਤਕਨਾਲੋਜੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸਮੇਤ ਕੁੱਲ 12 ਮੰਤਰੀਆਂ ਦੀ ਮੰਤਰੀ ਮੰਡਲ ਤੋਂ ਛੁੱਟੀ ਕਰ ਦਿੱਤੀ ਗਈ ਹੈ, ਜਦਕਿ ਸਰਕਾਰ 'ਚ 36 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਸਨ। ਇਸ ਦੌਰਾਨ ਮੰਤਰੀ ਮੰਡਲ ਵਿਸਥਾਰ ਨੂੰ ਲੈ ਕੇ ਵੈਬਸਾਈਟ ਲੋਕਲ ਸਰਕਿਲ ਨੇ ਇੱਕ ਸਰਵੇਖਣ ਕੀਤਾ ਹੈ। ਇਸ ਸਰਵੇਖਣ 'ਚ ਸਿਰਫ਼ 4 ਫ਼ੀਸਦੀ ਲੋਕ ਮੰਨਦੇ ਹਨ ਕਿ ਨਵੇਂ ਮੰਤਰੀਆਂ ਦੇ ਸ਼ਾਮਲ ਹੋਣ ਨਾਲ ਸ਼ਾਸਨ 'ਚ ਸੁਧਾਰ ਹੋਵੇਗਾ।
ਸਰਵੇਖਣ 'ਚ ਕੀ ਪੁੱਛਿਆ ਗਿਆ ਸੀ?
ਲੋਕਲ ਸਰਕਿਲ ਦੇ ਅਨੁਸਾਰ ਦੇਸ਼ ਦੇ 53 ਫ਼ੀਸਦੀ ਲੋਕ ਮੰਨਦੇ ਹਨ ਕਿ ਸ਼ਾਸਨ 'ਚ ਸੁਧਾਰ ਲਈ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਮਾਪਣ ਤੇ ਸਪੱਸ਼ਟ ਉਦੇਸ਼ ਤੈਅ ਕਰਨ ਲਈ ਇਕ ਮਜ਼ਬੂਤ ਪ੍ਰਣਾਲੀ ਦੀ ਜ਼ਰੂਰਤ ਹੈ। ਸਰਵੇ 'ਚ ਲੋਕਾਂ ਨੂੰ ਪੁੱਛਿਆ ਗਿਆ, "ਕੀ ਉਹ ਮੰਨਦੇ ਹਨ ਕਿ ਮੋਦੀ ਸਰਕਾਰ ਨੂੰ ਬਿਹਤਰ ਸ਼ਾਸਨ ਅਤੇ ਮੈਨੀਫ਼ੈਸਟੋ ਦੇ ਵਾਅਦੇ ਪੂਰੇ ਕਰਨ ਦੀ ਜ਼ਰੂਰਤ ਹੈ?"
ਕਿਸ ਨੇ ਕਿਹਾ ਕੀ?
2 ਫ਼ੀਸਦੀ ਲੋਕਾਂ ਨੇ ਕਿਹਾ - ਵੱਧ ਮੰਤਰੀ ਹੋਣ ਨਾਲ ਵਧੀਆ ਸ਼ਾਸਨ ਮਿਲੇਗਾ।
2 ਫ਼ੀਸਦੀ ਨੇ ਕਿਹਾ- ਨੌਕਰਸ਼ਾਹੀ ਹੋਣ ਨਾਲ ਵਧੀਆ ਸ਼ਾਸਨ ਮਿਲੇਗਾ।
2 ਫ਼ੀਸਦੀ ਨੇ ਕਿਹਾ- ਮੰਤਰੀ ਅਤੇ ਨੌਕਰਸ਼ਾਹ ਹੋਣ ਨਾਲ ਵਧੀਆ ਪ੍ਰਸ਼ਾਸਨ ਮਿਲੇਗਾ।
12 ਫ਼ੀਸਦੀ ਨੇ ਕਿਹਾ - ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਦੀ ਜ਼ਰੂਰਤ।
19 ਫ਼ੀਸਦੀ ਨੇ ਕਿਹਾ - ਬਿਹਤਰ ਸ਼ਾਸਨ ਲਈ ਸਰਕਾਰ ਨੂੰ ਹੋਰ ਫ਼ੈਸਲੇ ਲੈਣੇ ਪੈਣਗੇ।
5 ਫ਼ੀਸਦੀ ਨੇ ਕੋਈ ਰਾਇ ਨਹੀਂ ਦਿੱਤੀ।
ਜਦਕਿ 5 ਫ਼ੀਸਦੀ ਨੇ ਕਿਹਾ - ਸਾਨੂੰ ਨਹੀਂ ਲੱਗਦਾ ਕਿ ਬਿਹਤਰ ਸ਼ਾਸਨ ਦੇਣਾ ਸੰਭਵ ਹੈ।
53 ਫ਼ੀਸਦੀ ਨੇ ਕਿਹਾ - ਸ਼ਾਸਨ ਨੂੰ ਬਿਹਤਰ ਬਣਾਉਣ ਲਈ ਸਪੱਸ਼ਟ ਉਦੇਸ਼ ਤੈਅ ਕਰਨ ਤੇ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਮਾਪਣ ਲਈ ਇਕ ਮਜ਼ਬੂਤ ਪ੍ਰਣਾਲੀ ਦੀ ਲੋੜ ਹੈ।
ਸਰਵੇਖਣ ਕਿਵੇਂ ਕੀਤਾ ਗਿਆ?
ਸਰਵੇਖਣ ਦੌਰਾਨ ਭਾਰਤ ਦੇ 309 ਜ਼ਿਲ੍ਹਿਆਂ 'ਚ ਵਸਦੇ ਨਾਗਰਿਕਾਂ ਤੋਂ 9618 ਪ੍ਰਤੀਕਿਰਿਆਵਾਂ ਪ੍ਰਾਪਤ ਹੋਈਆਂ। ਇਸ 'ਚੋਂ 68 ਫ਼ੀਸਦੀ ਮਰਦ ਸਨ, ਜਦਕਿ 32 ਫ਼ੀਸਦੀ ਔਰਤਾਂ। ਸਰਵੇਖਣ ਲੋਕਲ ਸਰਕਿਲ ਪਲੇਟਫ਼ਾਰਮ ਵੱਲੋਂ ਕੀਤਾ ਗਿਆ ਸੀ ਤੇ ਸਾਰੇ ਭਾਗੀਦਾਰ ਯੋਗ ਨਾਗਰਿਕ ਸਨ।