ਨਵੀਂ ਦਿੱਲੀ: ਟਾਟਾ ਸਟੀਲ ਨੇ ਕੋਵਿਡ-19 ਤੋਂ ਪ੍ਰਭਾਵਿਤ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਲਈ ਸਮਾਜਿਕ ਸੁਰੱਖਿਆ ਯੋਜਨਾ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਇਸ ਯੋਜਨਾ ਦੇ ਤਹਿਤ ਜੇ ਕਿਸੇ ਕਰਮਚਾਰੀ ਦੀ ਕੋਰੋਨਾ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਉਸ ਦੀ ਅੰਤਮ ਤਨਖਾਹ ਉਦੋਂ ਤਕ ਮਿਲੇਗੀ, ਜਦੋਂ ਤਕ ਕਰਮਚਾਰੀ ਦੀ ਉਮਰ 60 ਸਾਲ ਨਹੀਂ ਹੋ ਜਾਂਦੀ।
ਕੰਪਨੀ ਨੇ ਸੋਸ਼ਲ ਮੀਡੀਆ 'ਤੇ ਜਾਰੀ ਇਕ ਬਿਆਨ 'ਚ ਕਿਹਾ, "ਟਾਟਾ ਸਟੀਲ ਦੀਆਂ ਸਭ ਤੋਂ ਵਧੀਆ ਕਲਾਸ 'ਚ ਸਮਾਜਿਕ ਸੁਰੱਖਿਆ ਯੋਜਨਾਵਾਂ ਇਹ ਸੁਨਿਸ਼ਚਿਤ ਕਰਨ 'ਚ ਸਹਾਇਤਾ ਕਰੇਗੀ ਕਿ ਕੋਵਿਡ ਤੋਂ ਮਰਨ ਵਾਲੇ ਕਰਮਚਾਰੀਆਂ ਨੂੰ ਹਰ ਸੰਭਵ ਲਾਭ ਮਿਲੇਗਾ। ਇਸ ਯੋਜਨਾ ਤਹਿਤ ਪਰਿਵਾਰ ਨੂੰ ਮ੍ਰਿਤਕ ਕਰਮਚਾਰੀ/ਨਾਮਜ਼ਦ ਵਿਅਕਤੀ ਨੂੰ 60 ਸਾਲ ਦੀ ਉਮਰ ਤਕ ਤਨਖਾਹ ਮਿਲੇਗੀ। ਇਸ ਦੇ ਨਾਲ ਹੀ ਡਾਕਟਰੀ ਲਾਭ ਅਤੇ ਰਿਹਾਇਸ਼ੀ ਸਹੂਲਤਾਂ ਦਾ ਲਾਭ ਵੀ ਲਿਆ ਜਾ ਸਕਦਾ ਹੈ।"
ਜੇ ਕੋਈ ਫ਼ਰੰਟਲਾਈਨ ਕਰਮਚਾਰੀ ਕੰਮ ਦੌਰਾਨ ਸੰਕਰਮਿਤ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਕੰਪਨੀ ਉਸ ਦੇ ਬੱਚਿਆਂ ਦੀ ਪੜ੍ਹਾਈ ਦੇ ਸਾਰੇ ਖਰਚੇ ਨੂੰ ਚੁੱਕੇਗੀ। ਯੋਜਨਾਵਾਂ ਦੀ ਘੋਸ਼ਣਾ ਕਰਦਿਆਂ ਕੰਪਨੀ ਨੇ ਟਵਿੱਟਰ 'ਤੇ ਲਿਖਿਆ, "ਟਾਟਾ ਸਟੀਲ ਨੇ ਕੋਵਿਡ-19 ਤੋਂ ਪ੍ਰਭਾਵਿਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਲਈ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਵਿਸਥਾਰ ਕਰਕੇ #AgilityWithCare ਦਾ ਰਾਹ ਅਪਣਾਇਆ ਹੈ। ਅਸੀਂ ਹਰੇਕ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਆਸਪਾਸ ਦੇ ਲੋਕਾਂ ਨੂੰ ਮੁਸ਼ਕਲ ਹਾਲਤਾਂ ਨਾਲ ਨਜਿੱਠਣ ਲਈ ਹਰ ਤਰੀਕੇ ਨਾਲ ਸੰਭਵ ਸਹਾਇਤਾ ਕਰੋ।"
ਲੋਕਾਂ ਨੇ ਆਪਣੀ ਫੀਡਬੈਕ ਦਿੱਤੀ
ਕੰਪਨੀ ਵੱਲੋਂ ਲਏ ਗਏ ਇਸ ਫ਼ੈਸਲੇ ਦੀ ਲੋਕ ਕਾਫ਼ੀ ਤਾਰੀਫ਼ ਕਰ ਰਹੇ ਹਨ। ਇਕ ਯੂਜਰ ਨੇ ਲਿਖਿਆ, "ਟਾਟਾ ਸਟੀਲ ਕੰਪਨੀ ਦੁਆਰਾ ਚੁੱਕਿਆ ਇਹ ਕਦਮ ਬਹੁਤ ਵਧੀਆ ਹੈ।" ਇਕ ਹੋਰ ਯੂਜਰ ਨੇ ਲਿਖਿਆ, "ਇਹ ਨਿਸ਼ਚਿਤ ਤੌਰ 'ਤੇ ਸ਼ਲਾਘਾਯੋਗ ਕਦਮ ਹੈ।" ਇਕ ਹੋਰ ਯੂਜਰ ਨੇ ਲਿਖਿਆ, "ਸਾਰੀਆਂ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਬਾਰੇ ਸੋਚਣ ਦੀ ਜ਼ਰੂਰਤ ਹੈ। ਇਸ ਸਮੇਂ ਸਾਨੂੰ ਸਾਰਿਆਂ ਨੂੰ ਇਕ ਦੂਜੇ ਦੀ ਜ਼ਰੂਰਤ ਹੈ।"