ਵਾਸ਼ਿੰਗਟਨ: ਮਸ਼ਹੂਰ ਮੈਗਜ਼ੀਨ ਫਾਰਨ ਪਾਲਿਸੀ ਨੇ ਅੰਤਰਾਸ਼ਟਰੀ ਨਾਮਵਰ ਬੁੱਧੀਜੀਵੀਆਂ ਤੋਂ ਕੋਰੋਨਾ ਨੂੰ ਲੈ ਕੇ ਕਈ ਸਵਾਲ ਪੁੱਛੇ ਹਨ। ਇਸ ਨੂੰ ਲੈ ਕੇ ਅਮਰੀਕੀ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦੇ ਨਿਦੇਸ਼ਕ ਜਨਰਲ ਕੋਰੀ ਸ਼ੇਕ ਦਾ ਕਹਿਣਾ ਹੈ ਕਿ ਅਮਰੀਕਾ ਆਪਣੀ ਅਯੋਗਤਾ ਕਾਰਨ ਦੁਨੀਆ ਦਾ ਆਗੂ ਨਹੀਂ ਰਹੇਗਾ। ੳਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਮਹਾਮਾਰੀ ਬਾਰੇ ਦੁਨੀਆ ਨੂੰ ਖਤਰਿਆਂ ਪ੍ਰਤੀ ਪਹਿਲਾਂ ਹੀ ਚੌਕਸ ਕਰ ਸਕਦਾ ਸੀ ਪਰ ਉਸ ਨੇ ਮੁਸੀਬਤ ਦੀ ਘੜੀ ‘ਚ ਸਿਰਫ ਆਪਣਾ ਹੀ ਸੁਆਰਥ ਦੇਖਿਆ।


ਹਾਰਵਰਡ ਯੂਨੀਵਰਸਿਟੀ ‘ਚ ਅੰਤਰਾਸ਼ਟਰੀ ਸਬੰਧ ਦੇ ਪ੍ਰੋਫੈਸਰ ਸਟੀਫਨ ਐਮ ਵਾਲਟ ਦਾ ਕਹਿਣਾ ਹੈ ਕਿ ਮਹਾਮਾਰੀ ਤੋਂ ਬਾਅਦ ਤਾਕਤ ਤੇ ਅਗਵਾਈ ਦਾ ਪ੍ਰਭਾਵ ਪੱਛਮ ਤੋਂ ਪੂਰਬ ਵੱਲ ਸ਼ਿਫਟ ਹੋਵੇਗਾ। ਦੱਖਣੀ ਕੋਰੀਆ ਤੇ ਸਿੰਗਾਪੁਰ ਨੇ ਚੰਗੀ ਭੂਮਿਕਾ ਨਿਭਾਈ ਹੈ। ਚੀਨ ਨੇ ਵੀ ਸ਼ੁਰੂਆਤੀ ਗਲਤੀ ਤੋਂ ਬਾਅਦ ਆਪਣੇ ਆਪ ਨੂੰ ਸੁਧਾਰਨ ‘ਚ ਸਫਲਤਾ ਹਾਸਲ ਕੀਤੀ ਹੈ, ਪਰ ਅਮਰੀਕਾ ਤੇ ਯੂਰਪ  ਦਾ ਮਹਾਮਾਰੀ ਪ੍ਰਤੀ ਰਵੱਈਆ ਸੁਸਤ ਰਿਹਾ ਹੈ।


ਉੱਥੇ ਹੀ ਸਿੰਗਾਪੁਰ ਯੂਨੀਵਰਸਿਟੀ ਦੇ ਏਸ਼ੀਆ ਰਿਸਰਚ ਇੰਸਟੀਚਿਊਟ ‘ਚ ਵਿਗਿਆਨੀ ਕਿਸ਼ੋਰ ਮਹਿਬੂਬਾਨੀ ਦਾ ਮੰਨਣਾ ਹੈ ਕਿ ਅਮਰੀਕਾ ਕੇਂਦਰਤ ਗਲੋਬਲਾਈਜ਼ੇਸ਼ਨ ਦੇ ਮੁਕਾਬਲੇ ਚੀਨ ਕੇਂਦਰਿਤ ਗਲੋਬਲਾਈਜ਼ੇਸ਼ਨ ਦੀ ਸ਼ਕਲ ‘ਚ ਬਦਲਾਅ ਆਵੇਗਾ। ਇਹ ਰੁਝਾਨ ਅਮਰੀਕੀ ਆਬਾਦੀ ਦੇ ਗਲੋਬਲਾਈਜ਼ੇਸ਼ਨ ਤੇ ਵਿਸ਼ਵ ਵਪਾਰ ‘ਚ ਵਿਸ਼ਵਾਸ ਗਵਾਉਣ ਦੇ ਕਾਰਨ ਹੋਵੇਗਾ।