ਬਰਨਾਲਾ: 32 ਜਥੇਬੰਦੀਆਂ 'ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 309ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ 'ਚ ਸੰਯੁਕਤ ਕਿਸਾਨ ਮੋਰਚੇ ਦੇ ਤਾਜਾ ਸੱਦਿਆਂ ਬਾਰੇ ਚਰਚਾ ਕੀਤੀ ਗਈ।

ਮੋਰਚੇ ਦਾ ਸੱਦਾ ਹੈ ਕਿ ਕਿਸਾਨ ਦੇਸ਼ ਭਰ 'ਚ 15 ਅਗਸਤ ਦਾ ਦਿਨ 'ਕਿਸਾਨ-ਮਜ਼ਦੂਰ ਆਜ਼ਾਦੀ ਦਿਵਸ' ਵਜੋਂ ਮਨਾਉਣਗੇ। ਉਸ ਦਿਨ ਦੇਸ਼ ਭਰ 'ਚ ਅੰਦੋਲਨਕਾਰੀ ਆਪਣੇ ਵਾਹਨਾਂ 'ਤੇ ਤਿਰੰਗਾ ਝੰਡਾ ਲਾ ਕੇ ਜ਼ਿਲ੍ਹਾ ਜਾਂ ਤਹਿਸੀਲ ਹੈੱਡਕੁਆਰਟਰਾਂ ਤੱਕ ਮਾਰਚ ਕਰਨਗੇ। ਤਿਰੰਗਾ ਲਹਿਰਾਏ ਜਾਣ ਵਾਲੇ ਕਿਸੇ ਅਧਿਕਾਰਤ ਸਰਕਾਰੀ ਸਮਾਗਮ ਦਾ ਜਾਂ ਤਿਰੰਗਾ ਵਾਲੇ ਕਿਸੇ ਮਾਰਚ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਬੀਜੇਪੀ ਨੇਤਾਵਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਦੂਸਰੀਆਂ ਸਾਰੀਆਂ ਰਾਜਨੀਤਕ ਤੇ ਸਰਕਾਰੀ ਸਰਗਰਮੀਆਂ ਦਾ ਵਿਰੋਧ ਤੇ ਇਨ੍ਹਾਂ ਨੇਤਾਵਾਂ ਦੇ ਘਿਰਾਉ ਦਾ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਉਸ ਦਿਨ ਵੀ ਜਾਰੀ ਰਹੇਗਾ।

10 ਅਗਸਤ ਨੂੰ ਤੀਜ ਦਾ ਤਿਉਹਾਰ ਹੈ। ਇਹ ਤਿਉਹਾਰ ਸਮਾਜਿਕ ਸਦਭਾਵਨਾ ਦੀ ਭਾਵਨਾ ਨੂੰ ਬਲ ਬਖਸ਼ਦਾ ਹੈ। ਕਿਸਾਨ ਧਰਨਿਆਂ ਵਾਲੀਆਂ ਥਾਵਾਂ 'ਤੇ ਉਸ ਦਿਨ ਤੀਆਂ ਮਨਾ ਕੇ ਇਸ ਭਾਵਨਾ ਨੂੰ ਹੋਰ ਪਰਪੱਕ ਕਰਦੇ ਹੋਏ ਅੰਦੋਲਨ ਨੂੰ ਵਧੇਰੇ ਮਜ਼ਬੂਤ ਕਰਨ ਦਾ ਅਹਿਦ ਲਿਆ ਜਾਵੇਗਾ।

ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਸਦ ਵਿੱਚ ਹੋ ਰਹੀ ਉਚ-ਮਿਆਰੀ ਬਹਿਸ ਨੇ ਖੇਤੀ ਕਾਨੂੰਨਾਂ ਦੇ ਲੋਕ-ਵਿਰੋਧੀ ਖਾਸੇ ਨੂੰ ਹੋਰ ਉਜਾਗਰ ਕੀਤਾ ਹੈ। ਪਰਾਲੀ ਸਾੜਨ ਵਾਲੇ ਬਿੱਲ ਬਾਰੇ ਹੋਈ ਬਹਿਸ ਨੇ ਸਪੱਸ਼ਟ ਕਰ ਦਿੱਤਾ ਕਿ ਹਵਾ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਖਾਹ-ਮਖਾਹ ਬਦਨਾਮ ਕੀਤਾ ਜਾ ਰਿਹਾ ਹੈ। ਸਨਅਤੀ ਇਕਾਈਆਂ ਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ। ਕੱਲ੍ਹ  ਸ਼ੁਕਰਵਾਰ ਨੂੰ ਕਿਸਾਨ ਸੰਸਦ ਵਿੱਚ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪਾਸ ਕੀਤਾ ਜਾਵੇਗਾ।

ਬੁਲਾਰਿਆਂ ਨੇ ਮੱਧ ਪ੍ਰਦੇਸ਼ ਪੁਲਿਸ ਦੁਆਰਾ ਉੱਘੀ ਜਮਹੂਰੀ ਕਾਰਕੁਨ ਮੇਧਾ ਪਾਟੇਕਰ ਤੇ 700 ਹੋਰ ਕਾਰਕੁਨਾਂ ਨਾਲ ਵਹਿਸ਼ੀ ਵਿਹਾਰ ਤੇ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ।