ਚੰਡੀਗੜ੍ਹ: ਭਾਰਤੀਆਂ ਲਈ ਕੈਨੇਡਾ ਇੱਕ ‘ਸੁਫ਼ਨਿਆਂ ਦਾ ਦੇਸ਼’ ਰਿਹਾ ਹੈ। ਸਾਰੀ ਉਮਰ ਲਈ ਆ ਕੇ ਵੱਸਣ ਵਾਸਤੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊ ਜ਼ੀਲੈਂਡ ਤੇ ਬਹੁਤ ਸਾਰੇ ਯੂਰੋਪੀਅਨ ਦੇਸ਼ ਭਾਰਤੀਆਂ ਦੀ ਪਹਿਲੀ ਪਸੰਦ ਰਹੇ ਹਨ ਪਰ ਪਿਛਲੇ ਕੁਝ ਸਮੇਂ ਦੌਰਾਨ ਕੈਨੇਡਾ ਵੱਲ ਭਾਰਤੀਆਂ ਦਾ ਰੁਝਾਨ ਕੁਝ ਜ਼ਿਆਦਾ ਹੀ ਵਧ ਗਿਆ ਹੈ। ਭਾਰਤੀ ਉੱਦਮੀ, ਨਿਵੇਸ਼ਕ ਤੇ ਹੋਰ ਵਪਾਰੀ ਵੀ ਹੁਣ ਕੈਨੇਡਾ ’ਚ ਜਾ ਕੇ ਆਪਣਾ ਸਰਮਾਇਆ ਲਾਉਣਾ ਚਾਹ ਰਹੇ ਹਨ। ਕੈਨੇਡਾ ’ਚ ਦੁਨੀਆ ਦੇ ਸਾਰੇ ਧਰਮਾਂ, ਸਭਿਆਚਾਰਾਂ ਤੇ ਵਿਭਿੰਨ ਬੋਲੀਆਂ ਬੋਲਣ ਵਾਲੇ ਲੋਕ ਵੱਸਦੇ ਹਨ। ਕੈਨੇਡਾ ਦੀਆਂ ਸਰਕਾਰਾਂ ਮਨੁੱਖੀ ਅਧਿਕਾਰਾਂ ਦਾ ਬਹੁਤ ਧਿਆਨ ਰੱਖਦੀਆਂ ਹਨ। ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਹੁਤ ਵਧੀਆ ਹੈ। ਉਂਝ ਵੀ ਕੈਨੇਡਾ ਦਾ ਨਾਂ ਦੁਨੀਆ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ। ਅਜਿਹੇ ਗੁਣਾਂ ਕਰਕੇ ਭਾਰਤੀਆਂ ਦਾ ਕੈਨੇਡਾ ਜਾ ਕੇ ਵੱਸਣ ਜਾਂ ਉੱਥੇ ਸਰਮਾਇਆ ਲਾਉਣ ਦਾ ਵਿਚਾਰ ਬਣਾਉਣਾ ਸੁਭਾਵਕ ਹੈ। ਮਾਹਿਰਾਂ ਅਨੁਸਾਰ ਕੈਨੇਡਾ ਇੱਕ ਅਜਿਹਾ ਦੇਸ਼ ਹੈ, ਜਿੱਥੇ ਹਰੇਕ ਕਾਰੋਬਾਰ ਕਾਮਯਾਬ ਨਹੀਂ ਹੋ ਸਕਦਾ। ਰਕਬੇ ਦੇ ਲਿਹਾਜ਼ ਨਾਲ ਰੂਸ ਤੋਂ ਬਾਅਦ ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਪਰ ਇਸ ਦੀ ਆਬਾਦੀ ਸਿਰਫ਼ 3 ਕਰੋੜ 80 ਲੱਖ ਹੈ। ਇੱਥੇ ਆਮ ਤੌਰ ਉੱਤੇ ਖਪਤਕਾਰ ਉੱਤੇ ਕੇਂਦ੍ਰਿਤ ਕਾਰੋਬਾਰ ਹੀ ਚੱਲਦੇ ਹਨ; ਜਿਨ੍ਹਾਂ ਨੂੰ ‘ਮੌਮ ਐਂਡ ਪੌਪ ਸ਼ੌਪਸ’ ਆਖਿਆ ਜਾਂਦਾ ਹੈ। ਕੈਨੇਡੀਅਨ ਅਰਥਵਿਵਸਥਾ ਜ਼ਿਆਦਾਤਰ ਸੇਵਾਵਾਂ (ਸਰਵਿਸੇਜ਼) ਤੇ ਬਰਾਮਦੀ ਵਸਤਾਂ ਤਿਆਰ ਕਰਨ ਉੱਤੇ ਆਧਾਰਤ ਹੈ। ਇੱਥੇ ਮਾਈਨਿੰਗ ਕਾਫ਼ੀ ਹੁੰਦੀ ਹੈ ਕਿਉਂਕਿ ਇਹ ਦੇਸ਼ ਕੱਚੇ ਤੇਲ ਦੇ ਨਾਲ-ਨਾਲ ਹੋਰ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਇੱਥੇ ਹਵਾਈ ਜਹਾਜ਼ ਤੇ ਹੋਰ ਆਟੋਮੋਬਾਇਲਜ਼ ਤੇ ਉਨ੍ਹਾਂ ਦੇ ਪੁਰਜ਼ੇ ਵੀ ਬਣਦੇ ਹਨ। ਇੱਥੇ ਬਣਿਆ ਜ਼ਿਆਦਾਤਰ ਮਾਲ ਅਮਰੀਕਾ ਤੇ ਮੈਕਸੀਕੋ ’ਚ ਹੀ ਖਪ ਜਾਂਦਾ ਹੈ। ਇਸੇ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਇੱਥੇ ਅਜਿਹਾ ਕੋਈ ਸਾਮਾਨ ਤਿਆਰ ਕਰਨ ਬਾਰੇ ਹੀ ਵਿਚਾਰ ਕਰਨਾ ਚਾਹੀਦਾ ਹੈ, ਜੋ ਕੈਨੇਡਾ ਦੇ ਨਾਲ-ਨਾਲ ਅਮਰੀਕਾ ਤੇ ਮੈਕਸੀਕੋ ’ਚ ਵੀ ਆਸਾਨੀ ਨਾਲ ਵਿਕ ਸਕਦਾ ਹੋਵੇ। ਜਦੋਂ ਤੁਹਾਡੇ ਸਾਮਾਨ ਉੱਤੇ ‘ਮੇਡ ਇਨ ਕੈਨੇਡਾ’ ਦਾ ਲੇਬਲ ਹੋਵੇਗਾ, ਤਾਂ ਨਿਸ਼ਚਤ ਤੌਰ ਉੱਤੇ ਤੁਹਾਡੇ ਮਾਲ ਦਾ ਪ੍ਰੀਮੀਅਮ ਤੇ ਉਸ ਦੀ ‘ਗੁੱਡਵਿਲ’ ਵਧੇਗੀ। ਮਾਹਿਰਾਂ ਨੇ ਇਸ ਮਾਮਲੇ ’ਚ ਇਸ ਗੱਲ ਦਾ ਖ਼ਿਆਲ ਵੀ ਰੱਖਣਾ ਚਾਹੀਦਾ ਹੈ ਕਿ ਕੈਨੇਡਾ ਵਿੱਚ ਕੋਈ ਕਾਰੋਬਾਰੀ ਸੰਸਥਾਨ ਸਥਾਪਤ ਕਰਨਾ ਬਹੁਤ ਮਹਿੰਗਾ ਉੱਦਮ ਹੋ ਸਕਦਾ ਹੈ ਕਿਉਂਕਿ ਇੱਥੇ ਨਿਰਮਾਣ ਤੇ ਲੇਬਰ ਖ਼ਰਚੇ ਬਹੁਤ ਜ਼ਿਆਦਾ ਹਨ। ਕਾਰੋਬਾਰ ਖੋਲ੍ਹਣ ਲਈ ਕੈਨੇਡੀਅਨ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਚੋਣ ਕਰਨਾ ਵੀ ਅਹਿਮ ਹੈ। ਉਂਝ ਸਾਰੇ ਹੀ ਸੂਬਿਆਂ ’ਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੌਜੂਦ ਹੈ। ਛੋਟੇ ਸੂਬਿਆਂ ’ਚ ਵੀ ਨਵੇਂ ਉੱਦਮਾਂ ਨੂੰ ਕਾਫ਼ੀ ਪ੍ਰੋਤਸਾਹਨ ਦਿੱਤੇ ਜਾਂਦੇ ਹਨ। ਛੋਟੇ ਸੂਬਿਆਂ ਵਿੱਚ ਖ਼ਰਚੇ ਕੁਝ ਘੱਟ ਹਨ। ਕੈਨੇਡਾ ਵਿੱਚ ਕੇਂਦਰੀ ਤੇ ਸੂਬਾਈ ਟੈਕਸ ਬਹੁਤ ਜ਼ਿਆਦਾ ਹਨ। ਇਸ ਲਈ ਭਾਰਤੀ ਨਿਵੇਸ਼ਕਾਂ ਨੂੰ ਅਜਿਹੀਆਂ ਸਾਰੀਆਂ ਗੱਲਾਂ ਦਾ ਪੂਰਾ ਧਿਆਨ ਰੱਖ ਕੇ ਹੀ ਆਪਣਾ ਸਰਮਾਇਆ ਲਾਉਣਾ ਚਾਹੀਦਾ ਹੈ।
ਕੈਨੇਡਾ ਜਾਣ ਦਾ ਸੁਫਨਾ ਇੰਝ ਹੋਏਗਾ ਪੂਰਾ! ਇੰਝ ਕਰੋ ਵੱਡੇ ਤੇ ਛੋਟੇ ਕਾਰੋਬਾਰ, ਇਹ ਹੋ ਸਕਦੇ ਨਫ਼ੇ ਤੇ ਨੁਕਸਾਨ
ਏਬੀਪੀ ਸਾਂਝਾ | 11 Jul 2021 12:14 PM (IST)
ਭਾਰਤੀਆਂ ਲਈ ਕੈਨੇਡਾ ਇੱਕ ‘ਸੁਫ਼ਨਿਆਂ ਦਾ ਦੇਸ਼’ ਰਿਹਾ ਹੈ। ਭਾਰਤੀ ਉੱਦਮੀ, ਨਿਵੇਸ਼ਕ ਤੇ ਹੋਰ ਵਪਾਰੀ ਵੀ ਹੁਣ ਕੈਨੇਡਾ ’ਚ ਜਾ ਕੇ ਆਪਣਾ ਸਰਮਾਇਆ ਲਾਉਣਾ ਚਾਹ ਰਹੇ ਹਨ।
canada_business