ਨਾਂ: ਭਗਵੰਤ ਮਾਨ


ਪਾਰਟੀ: ਆਮ ਆਦਮੀ ਪਾਰਟੀ

ਪਾਰਲੀਮਾਨੀ ਸਟੇਟਸ: ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਤੋਂ 16ਵੀਂ ਲੋਕ ਸਭਾ ਦੇ ਸਾਂਸਦ ਹਨ।

ਸਿਆਸੀ ਪਿਛੋਕੜ

2011 ਦੇ ਸ਼ੁਰੂ ਵਿੱਚ ਮਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋਏ। 2012 ਵਿੱਚ ਉਨ੍ਹਾਂ ਲਹਿਰਾਗਾਗਾ ਹਲਕੇ ਵਿੱਚੋਂ ਚੋਣ ਲੜੀ ਪਰ ਹਾਰ ਗਏ। ਇਸ ਤੋਂ ਬਾਅਦ ਮਾਰਚ 2014 ਵਿੱਚ ਉਨ੍ਹਾਂ ਪੀਪਲਜ਼ ਪਾਰਟੀ ਛੱਡ ਦਿੱਤੀ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਚੋਣ ਵਿੱਚ ਉਨ੍ਹਾਂ 200,000 ਵੋਟਾਂ ਨਾਲ ਜਿੱਤ ਹਾਸਲ ਕੀਤੀ।

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰੀ ਕਹੇ ਜਾਣ 'ਤੇ ਮਾਫ਼ੀ ਮੰਗੇ ਜਾਣ ਮਗਰੋਂ ਭਗਵੰਤ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਵੱਲੋਂ ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ। 'ਆਪ' ਵੱਲੋਂ ਉਨ੍ਹਾਂ ਨੂੰ ਲਗਾਤਾਰ ਦੂਜੀ ਵਾਰ ਪਾਰਟੀ ਦਾ ਸੂਬਾ ਪ੍ਰਧਾਨ ਥਾਪਿਆ ਗਿਆ ਹੈ।

ਨਿੱਜੀ ਜਾਣਕਾਰੀ

ਭਗਵੰਤ ਮਾਨ ਦਾ ਜਨਮ 17 ਅਕਤੂਬਰ, 1972 ਨੂੰ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮੋਹਿੰਦਰ ਸਿੰਘ ਤੇ ਮਾਤਾ ਦਾ ਨਾਂ ਹਰਪਾਲ ਕੌਰ ਹੈ। ਮਾਨ ਨੇ 12ਵੀਂ ਤਕ ਪੜ੍ਹਾਈ ਕੀਤੀ ਹੈ। ਉਨ੍ਹਾਂ ਦਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ, ਇੱਕ ਪੁੱਤਰ, ਇੱਕ ਧੀ ਹਨ। ਸਿਆਸਤਦਾਨ ਬਣਨ ਤੋਂ ਪਹਿਲਾਂ ਉਹ ਪੰਜਾਬ ਦੇ ਇੱਕ ਹਾਸਰਸ ਕਲਾਕਾਰ ਸੀ। ਸਿਆਸਤ ਤੋਂ ਪਹਿਲਾਂ ਮਾਨ ਨੇ ਆਪਣੀਆਂ ਸਕਿੱਟਾਂ ਨਾਲ ਲੋਕਾਂ ਨੂੰ ਖੂਬ ਹਸਾਇਆ।

ਮਾਨ ਤੇ ਅਕਸਰ ਸ਼ਰਾਬ ਪੀ ਕੇ ਰੈਲੀਆਂ ਤੇ ਸਮਾਗਮਾਂ ਵਿੱਚ ਜਾਣ ਦੇ ਇਲਜ਼ਾਮ ਲੱਗਦੇ ਹਨ। ਸਾਲ 2017 ਵਿੱਚ ਆਮ ਆਦਮੀ ਪਾਰਟੀ ਦੀ ਬਠਿੰਡਾ ਵਿੱਚ ਰੈਲੀ ਦੌਰਾਨ ਉਹ ਪੰਜ ਮਿੰਟ ਤੱਕ ਲੋਕਾਂ ਨੂੰ ਫਲਾਇੰਗ ਕਿੱਸ ਕਰਦੇ ਰਹੇ। ਪ੍ਰਸ਼ਾਂਤ ਭੂਸ਼ਨ ਨੇ ਇਸ ਦੌਰਾਨ ਟਵੀਟ ਕਰਕੇ ਨਿੰਦਾ ਕੀਤੀ ਸੀ। ਹਾਲ ਹੀ ਵਿੱਚ ਬਰਨਾਲਾ ਵਿੱਚ ਕੀਤੀ ਗਈ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਭਗਵੰਤ ਮਾਨ ਸ਼ਰਾਬ ਛੱਡ ਰਹੇ ਹਨ।

ਹਲਕਾ

ਭਗਵੰਤ ਮਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਹਨ। ਇਸ ਅੰਦਰ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ ਵਿੱਚ ਲਹਿਰਾ, ਦਿੜਬਾ, ਸੁਨਾਮ, ਭਦੌੜ, ਬਰਨਾਲਾ, ਮਹਿਲਕਲਾਂ, ਮਲੇਰਕੋਟਲਾ, ਧੂਰੀ ਤੇ ਸੰਗਰੂਰ ਸ਼ਾਮਲ ਹਨ। ਕਾਂਗਰਸ ਵੱਲੋਂ ਸੰਗਰੂਰ ਤੋਂ ਮਾਨ ਖਿਲਾਫ ਚੋਣ ਲਈ ਕੇਵਲ ਢਿੱਲੋਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਪਰਮਿੰਦਰ ਢੀਂਡਸਾ ਨੂੰ ਥਾਪੜਾ ਦੇਣ ਦੀ ਤਿਆਰੀ ਹੈ। ਉੱਧਰ ਮਾਨ ਨੂੰ ਪੰਜਾਬ ਡੈਮੋਕਰੈਟਿਕ ਅਲਾਇੰਸ (ਪੀਡੀਏ) ਵੱਲੋਂ ਉਮੀਦਵਾਰ ਥਾਪੇ ਉਨ੍ਹਾਂ ਦੇ ਹੀ ਸਾਥੀ ਜੱਸੀ ਜਸਰਾਜ ਵੱਲੋਂ ਵੀ ਸੰਗਰੂਰ ਲੋਕ ਸਭਾ ਹਲਕੇ ਤੋਂ ਟੱਕਰ ਮਿਲੇਗੀ। ਜੈ ਜਵਾਨ ਜੈ ਕਿਸਾਨ ਪਾਰਟੀ ਨੇ ਇਨਾਮੀ ਕੈਦੀ ਧਰਮਵੀਰ ਧਾਲੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਸੰਸਦੀ ਕਾਰਗੁਜ਼ਾਰੀ

ਮਾਨ ਨੇ ਖੇਤੀ ਸੰਕਟ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਕਰਜ਼ ਮੁਆਫ਼ੀ, ਬੇਰੁਜ਼ਗਾਰੀ, ਮਹਿੰਗਾਈ, ਨਸ਼ੇ ਤੇ ਚਿੱਟ ਫੰਡ ਕੰਪਨੀਆਂ ਵੱਲੋਂ ਕੀਤੀ ਲੁੱਟ ਵਰਗੇ ਮੁੱਦੇ ਚੁੱਕੇ। ਪੰਜਾਬ ਵਿੱਚ ਉਨ੍ਹਾਂ 'ਬਿਜਲੀ ਅੰਦੋਲਨ' ਸ਼ੁਰੂ ਕਰਕੇ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

ਹਾਲਾਂਕਿ ਮਾਨ ਅਕਸਰ ਵਿਵਾਦਾਂ ਕਰਕੇ ਜਾਣੇ ਜਾਂਦੇ ਹਨ। ਆਮ ਆਦਮੀ ਪਾਰਟੀ ਦੇ ਲੀਡਰ ਹਰਿੰਦਰ ਸਿੰਘ ਖਾਲਸਾ ਨੇ ਵੀ ਭਗਵੰਤ ਮਾਨ ਉੱਤੇ ਸ਼ਰਾਬ ਪੀ ਕੇ ਸੰਸਦ ਵਿੱਚ ਆਉਣ ਦਾ ਇਲਜ਼ਾਮ ਲਾਇਆ ਸੀ। ਉਹ ਸੰਸਦ ਵਿੱਚ ਭਗਵੰਤ ਮਾਨ ਦੇ ਨਾਲ ਵਾਲੀ ਸੀਟ ਉੱਤੇ ਬੈਠਦੇ ਸਨ। ਉਨ੍ਹਾਂ ਨੇ ਸਪੀਕਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਸੀਟ ਬਦਲ ਦਿੱਤੀ ਜਾਵੇ।

ਇਸ ਤੋਂ ਇਲਾਵਾ ਮਾਨ ਨੇ ਇੱਕ ਗੈਰ-ਸਰਕਾਰੀ ਸੰਸਥਾ, 'ਲੋਕ ਲਹਿਰ ਫਾਊਂਡੇਸ਼ਨ' ਦੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਨਤੀਜੇ ਵਜੋਂ ਭੌਤਿਕ ਨੁਕਸ ਵਾਲੇ ਬੱਚਿਆਂ ਦੀ ਸਹਾਇਤਾ ਕੀਤੀ ਜਾ ਸਕੇ।

MPLAD ਫੰਡ

ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਮਿਲਦੇ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਉਨ੍ਹਾਂ ਸਰਕਾਰ ਤੋਂ 28.25 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 25.77 ਕਰੋੜ ਰੁਪਏ ਆਏ। ਮਾਨ ਨੇ ਇਸ ਵਿੱਚੋਂ 20.91 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚ ਕੀਤੇ, ਜਦਕਿ 4.86 ਕਰੋੜ ਰੁਪਏ ਉਨ੍ਹਾਂ ਕੋਲ ਬਕਾਇਆ ਹਨ।

ਮਾਨ ਨੇ ਪਿੰਡ ਬੇਨੜਾ ਗੋਦ ਲਿਆ ਹੋਇਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਨ ਨੇ MP ਕੋਟੇ ਵਿੱਚੋਂ ਫੰਡ ਤਾਂ ਦਿੱਤੇ ਪਰ ਆਦਰਸ਼ ਗ੍ਰਾਮ ਯੋਜਨਾ ਤਹਿਤ ਇਸ ਪਿੰਡ ਵਿੱਚ ਕੰਮ ਨਹੀਂ ਹੋਏ