ਨਾਂ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਪਾਰਟੀ: ਸ਼੍ਰੋਮਣੀ ਅਕਾਲੀ ਦਲ (ਬਾਦਲ)
ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ
ਸਿਆਸੀ ਪਿਛੋਕੜ:
ਪਹਿਲੀ ਜਨਵਰੀ 1950 ਨੂੰ ਜਨਮੇ ਪ੍ਰੇਮ ਸਿੰਘ ਚੰਦੂਮਾਜਰਾ ਪੰਜਾਬ ਦੇ ਸੀਨੀਅਰ ਸਿਆਸਤਦਾਨਾਂ ਵਿੱਚੋਂ ਹਨ। ਚੰਦੂਮਾਜਰਾ ਨੇ ਵਿਦਿਆਰਥੀ ਨੇਤਾ ਵਜੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ ਅਤੇ ਸੰਨ 1985 ਵਿੱਚ ਪਹਿਲੀ ਵਾਰ ਪਟਿਆਲਾ ਦੀ ਡਕਾਲਾ ਸੀਟ ਤੋਂ ਵਿਧਾਇਕ ਚੁਣੇ ਗਏ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਚੰਦੂਮਾਜਰਾ ਕੈਬਨਿਟ ਮੰਤਰੀ ਵੀ ਬਣੇ। ਚੰਦੂਮਾਜਰਾ ਨੇ ਜਲਦੀ ਹੀ ਕੌਮੀ ਸਿਆਸਤ ਵਿੱਚ ਕਦਮ ਰੱਖ ਲਿਆ ਅਤੇ ਸੰਨ 1996 ਵਿੱਚ 11ਵੀਂ ਲੋਕ ਸਭਾ ਦੇ ਮੈਂਬਰ ਬਣੇ।
ਸੰਨ 1998 ਵਿੱਚ 12ਵੀਂ ਲੋਕ ਸਭਾ ਲਈ ਚੋਣਾਂ ਹੋਈਆਂ ਅਤੇ ਚੰਦੂਮਾਜਰਾ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਸੀਟ ਤੋਂ ਮਾਤ ਦੇ ਦਿੱਤੀ। ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਪ੍ਰਧਾਨ ਵੀ ਰਹੇ। ਇਸ ਮਗਰੋਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਗੁਰਚਰਨ ਸਿੰਘ ਟੌਹੜਾ ਦੇ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਵੀ ਰਹੇ। ਪਰ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹਿੱਸਾ ਬਣ ਗਏ। ਸਾਲ 2014 ਦੀ ਲੋਕ ਸਭਾ ਚੋਣ ਵਿੱਚ ਚੰਦੂਮਾਜਰਾ ਅਨੰਦਪੁਰ ਸਾਹਿਬ ਤੋਂ ਐਮਪੀ ਚੁਣੇ ਗਏ ਅਤੇ ਇਸ ਵਾਰ ਵੀ ਉਹ ਅਕਾਲੀ ਦਲ ਦੀ ਟਿਕਟ ਤੋਂ ਲੜ ਰਹੇ ਹਨ।
ਨਿੱਜੀ ਜਾਣਕਾਰੀ:
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਤਿਹਾਸ ਵਿੱਚ ਐਮ.ਏ. ਪਾਸ ਕੀਤੀ ਹੋਈ ਹੈ ਅਤੇ ਉਹ ਕੁਝ ਸਮਾਂ ਅਧਿਆਪਕ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਪਿੰਡ ਚੰਦੂਮਾਜਰਾ, ਤਹਿਸੀਲ ਰਾਜਪੁਰਾ ਅਤੇ ਜ਼ਿਲ੍ਹਾ ਪਟਿਆਲਾ ਅਧੀਨ ਪੈਂਦਾ ਹੈ, ਜਿੱਥੋਂ ਉਹ ਅੱਜ ਵੀ ਸਿਆਸੀ ਤੌਰ 'ਤੇ ਸਰਗਰਮੀ ਰੱਖਦੇ ਹਨ। ਚੰਦੂਮਾਜਰਾ 13 ਕੁ ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ। ਚੰਦੂਮਾਜਰਾ ਨੇ ਐਮਰਜੈਂਸੀ ਸਮੇਂ ਕੁਝ ਸਮਾਂ ਜੇਲ੍ਹ ਵੀ ਕੱਟੀ ਹੈ।
ਹਲਕਾ:
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਹਨ ਅਤੇ 17ਵੀਂ ਲੋਕ ਸਭਾ ਦੀ ਚੋਣ ਲਈ ਵੀ ਉਹ ਇਸੇ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਅਨੰਦਪੁਰ ਸਾਹਿਬ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ, ਅਨੰਦਪੁਰ ਸਾਹਿਬ, ਗੜ੍ਹਸ਼ੰਕਰ, ਬੰਗਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਬਲਾਚੌਰ, ਰੂਪਨਗਰ, ਚਮਕੌਰ ਸਾਹਿਬ, ਖਰੜ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸ਼ਾਮਲ ਹਨ। ਸਾਲ 2014 ਵਿੱਚ 15.5 ਲੱਖ ਤੋਂ ਵੱਧ ਵੋਟਰਾਂ ਵਾਲੇ ਇਸ ਹਲਕੇ ਤੋਂ ਚੰਦੂਮਾਜਰਾ ਨੇ ਕਾਂਗਰਸ ਦੀ ਅੰਬਿਕਾ ਸੋਨੀ ਨੂੰ ਸਾਢੇ 23 ਹਜ਼ਾਰ ਵੋਟਾਂ ਤੋਂ ਵੱਧ ਦੇ ਫਰਕ ਨਾਲ ਮਾਤ ਦਿੱਤੀ ਸੀ। ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰਗਿੱਲ ਵੀ ਬਹੁਤਾ ਪਿੱਛੇ ਨਹੀਂ ਸਨ ਰਹੇ। ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਮੈਦਾਨ ਵਿੱਚ ਹੈ। ਹਲਕੇ ਦੇ ਤਕਰੀਬਨ 16 ਲੱਖ ਵੋਟਰਾਂ ਨੇ ਆਉਂਦੀ 19 ਮਈ ਨੂੰ ਚੰਦੂਮਾਜਰਾ, ਨਰਿੰਦਰ ਸਿੰਘ ਸ਼ੇਰਗਿੱਲ, ਬੀਰ ਦਵਿੰਦਰ ਸਿੰਘ ਤੇ ਹੋਰਨਾਂ ਦੀ ਕਿਸਮਤ ਤੈਅ ਕਰਨੀ ਹੈ।
ਸੰਸਦੀ ਕਾਰਗੁਜ਼ਾਰੀ:
ਲੋਕ ਸਭਾ ਵੈੱਬਸਾਈਟ ਮੁਤਾਬਕ 69 ਸਾਲਾ ਪ੍ਰੇਮ ਸਿੰਘ ਚੰਦੂਮਾਜਰਾ ਦੀ ਸਦਨ ਵਿੱਚ ਹਾਜ਼ਰੀ 85% ਰਹੀ। ਚੰਦੂਮਾਜਰਾ ਨੇ ਸਾਲ 2014 ਵਿੱਚ ਸੰਸਦ ਮੈਂਬਰ ਬਣਨ ਮਗਰੋਂ 435 ਸਵਾਲ ਪੁੱਛੇ। ਰਵਨੀਤ ਸਿੰਘ ਬਿੱਟੂ ਤੋਂ ਬਾਅਦ ਚੰਦੂਮਾਜਰਾ ਪੰਜਾਬ ਦੇ ਦੂਜੇ ਐਮਪੀ ਹਨ, ਜਿਨ੍ਹਾਂ ਸਭ ਤੋਂ ਵੱਧ ਸਵਾਲ ਪੁੱਛੇ ਹਨ। ਮੌਜੂਦਾ ਕਾਰਜਕਾਲ ਵਿੱਚ ਚੰਦੂਮਾਜਰਾ ਨੇ 188 ਵਾਰ ਬਹਿਸ ਵਿੱਚ ਹਿੱਸਾ ਲਿਆ। ਚੰਦੂਮਾਜਰਾ ਦਾ ਹਿੰਦੀ ਬੋਲਣ ਦਾ ਲਹਿਜ਼ਾ ਸੰਸਦ ਤੇ ਸੋਸ਼ਲ ਮੀਡੀਆ ਵਿੱਚ ਠਹਾਕਿਆਂ ਦੀ ਲਹਿਰ ਬਣ ਕੇ ਦੌੜ ਜਾਂਦਾ ਸੀ। ਚੰਦੂਮਾਜਰਾ ਨੇ ਲੋਕ ਸਭਾ ਵਿੱਚ ਪੰਜਾਬ ਦੀ ਖੇਤੀ, ਉਦਯੋਗ, ਸਿੱਖ ਧਰਮ ਤੇ ਫਾਇਨਾਂਸ ਆਦਿ ਵਿਸ਼ਿਆਂ ਬਾਰੇ ਆਪਣੀ ਆਵਾਜ਼ ਬੁਲੰਦ ਕੀਤੀ।
MPLAD ਫੰਡ:
ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਪ੍ਰੇਮ ਸਿੰਘ ਚੰਦੂਮਾਜਰਾ ਨੇ 23.13 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 26.15 ਕਰੋੜ ਰੁਪਏ ਆਏ। ਚੰਦੂਮਾਜਰਾ ਨੇ ਇਸ ਵਿੱਚੋਂ 21.14 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚੇ ਹਨ, ਜਦਕਿ 5.01 ਕਰੋੜ ਰੁਪਏ ਬਕਾਇਆ ਹਨ। ਚੰਦੂਮਾਜਰਾ ਨੇ ਆਪਣੇ ਫੰਡਾਂ ਦਾ 82% ਹਿੱਸਾ ਖਰਚ ਦਿੱਤਾ ਹੈ, ਸੋ ਇਸ ਕਸੌਟੀ 'ਤੇ ਉਹ ਪਾਸ ਹਨ।
ਕਿਉਂ ਮਹੱਤਵਪੂਰਨ ਅਨੰਦਪੁਰ ਸਾਹਿਬ ਹਲਕਾ ਤੇ ਕੀ ਚੁਣੌਤੀਆਂ:
ਅਨੰਦਪੁਰ ਸਾਹਿਬ ਹਲਕੇ ਵਿੱਚ ਹਿੰਦੂ ਵੋਟਰਾਂ ਦੀ ਬਹੁਤਾਤ ਹੈ, ਪਰ ਖ਼ਾਲਸੇ ਦੀ ਜਨਮ ਭੂਮੀ ਹੋਣ ਕਾਰਨ ਇਹ ਹਲਕਾ ਸਿੱਖਾਂ ਲਈ ਖ਼ਾਸ ਮਹੱਤਤਾ ਰੱਖਦਾ ਹੈ। ਅਜਿਹੇ ਵਿੱਚ ਸਿਆਸੀ ਪਾਰਟੀਆਂ ਲਈ ਇੱਥੋਂ ਯੋਗ ਉਮੀਦਵਾਰ ਖੜ੍ਹਾ ਕਰਨਾ ਤੇ ਜਿਤਾਉਣਾ ਆਪਣੇ ਆਪ ਵਿੱਚ ਹੀ ਚੁਣੌਤੀ ਹੈ। ਅਨੰਦਪੁਰ ਸਾਹਿਬ ਹਿਮਾਚਲ ਪ੍ਰਦੇਸ਼ ਨਾਲ ਹੱਦ ਸਾਂਝੀ ਕਰਦਾ ਹੈ ਤੇ ਪਹਾੜੀ ਇਲਾਕਾ ਹੋਣ ਕਾਰਨ ਬੁਨਿਆਦੀ ਢਾਂਚੇ ਦਾ ਵਿਕਾਸ ਕੁਝ ਘੱਟ ਹੈ। ਇਸ ਵਾਰ ਅਨੰਦਪੁਰ ਸਾਹਿਬ ਸੀਟ 'ਤੇ ਗਹਿਗੱਚ ਮੁਕਾਬਲਾ ਹੋਣ ਦੀ ਆਸ ਹੈ। ਕਾਂਗਰਸ ਤੋਂ ਇਲਾਵਾ ਹੋਰ ਸਾਰੀਆਂ ਸਿਆਸੀ ਪਾਰਟੀਆਂ ਨੇ ਅਨੰਦਪੁਰ ਸਾਹਿਬ ਤੋਂ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਅਨੰਦਪੁਰ ਸਾਹਿਬ ਸੀਟ ਤੋਂ 'ਆਪ' ਨੇ ਨਰਿੰਦਰ ਸ਼ੇਰਗਿੱਲ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਬੀਰ ਦਵਿੰਦਰ ਸਿੰਘ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਹੇਠ ਬਹੁਜਨ ਸਮਾਜ ਪਾਰਟੀ ਦੇ ਵਿਕਰਮ ਸਿੰਘ ਸੋਢੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਮੀਦਵਾਰ ਵਜੋਂ ਉਤਾਰ ਦਿੱਤਾ ਹੈ।
ਹਾਲਾਂਕਿ, ਲੋਕ ਸਭਾ ਚੋਣਾਂ ਕਰਕੇ ਪੰਜਾਬ ਵਿੱਚ 'ਆਪ', ਬਸਪਾ, ਅਕਾਲੀ ਦਲ (ਟਕਸਾਲੀ) ਤੇ ਪੀਈਪੀ ਦਾ ਗਠਜੋੜ ਅਸਫਲ ਰਹਿ ਗਿਆ, ਜਿਸ ਦਾ ਕਾਰਨ ਵੀ ਇਹ ਅਨੰਦਪੁਰ ਸਾਹਿਬ ਦੀ ਸੀਟ ਹੀ ਬਣੀ ਸੀ। ਜੇਕਰ ਇਹ ਗਠਜੋੜ ਹੋ ਜਾਂਦਾ ਤਾਂ ਚੰਦੂਮਾਜਰਾ ਲਈ ਹਾਲਾਤ ਬੇਹੱਦ ਸਖ਼ਤ ਹੋ ਜਾਣੇ ਸੀ। ਹਾਲਾਂਕਿ, ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਅਤੇ ਬੇਅਦਬੀਆਂ ਤੇ ਗੋਲ਼ੀਕਾਂਡਾਂ ਕਰਕੇ ਬਣਿਆ ਹੋਇਆ ਅਕਾਲੀ ਦਲ ਦਾ ਮੌਜੂਦਾ ਸੰਕਟ ਪ੍ਰੇਮ ਸਿੰਘ ਚੰਦੂਮਾਜਰਾ ਲਈ ਨੁਕਸਾਨਦਾਇਕ ਹੋ ਸਕਦਾ ਹੈ। ਹਾਲਾਂਕਿ, ਪਰਮਿੰਦਰ ਢੀਂਡਸਾ ਵਰਗੇ ਨਵੇਂ ਆਗੂ ਤੇ ਸੰਗਰੂਰ ਤੋਂ ਸੰਭਾਵਿਤ ਲੋਕ ਸਭਾ ਉਮੀਦਵਾਰ ਨੇ ਵੀ ਗੁਰਮੀਤ ਰਾਮ ਰਹੀਮ ਦੀ ਮੁਆਫ਼ੀ ਨੂੰ ਪਾਰਟੀ ਦੀ ਗ਼ਲਤੀ ਦਰਸਾਇਆ ਸੀ। ਪਰ ਚੰਦੂਮਾਜਰਾ ਬਾਦਲ ਪਰਿਵਾਰ ਦੇ ਹੱਕ ਵਿੱਚ ਭੁਗਤਦੇ ਰਹੇ ਹਨ। ਜਿਵੇਂ ਅਨੰਦਪੁਰ ਸਾਹਿਬ ਸੀਟ ਤੋਂ ਕਾਂਗਰਸ ਤੋਂ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਅਜਿਹੇ 'ਚ ਵੋਟ ਵੰਡੇ ਜਾਣ ਦਾ ਖ਼ਦਸ਼ਾ ਹੈ ਅਤੇ ਇਹ ਹਾਲਾਤ ਹਰ ਉਮੀਦਵਾਰ ਲਈ ਚੁਨੌਤੀਪੂਰਨ ਹਨ।