1- ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਪਾਕਿਸਤਾਨ ਨੂੰ ਖ਼ੂਬ ਸੁਣਾਈਆਂ। ਸੁਸ਼ਮਾ ਨੇ ਕਿਹਾ ਕਿ ਅਸੀਂ ਦੋਸਤੀ ਦੀ ਪਹਿਲ ਕੀਤੀ ਪਰ ਸਾਨੂੰ ਬਦਲੇ ਵਿੱਚ ਧੋਖਾ ਮਿਲਿਆ ਹੈ। ਬਦਲੇ ਵਿੱਚ ਭਾਰਤ ਨੂੰ ਪਠਾਨਕੋਟ ਅਤੇ ਉੜੀ ਹਮਲੇ ਦੇ ਇਲਾਵਾ ਜ਼ਿੰਦਾ ਅੱਤਵਾਦੀ ਬਹਾਦੁਰ ਅਲੀ ਮਿਲਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਆਖਿਆ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਸੁਸ਼ਮਾ ਨੇ ਕਿਹਾ ਕਿ ਜਿਨਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ ਉਹ ਦੂਜਿਆਂ ਦੇ ਘਰਾਂ 'ਤੇ ਪੱਥਰ ਨਹੀਂ ਸੁੱਟਦੇ।
2- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਯੂਐਨ 'ਚ ਬਲੋਚਿਸਤਾਨ ਦਾ ਮੁੱਦਾ ਵੀ ਚੁੱਕਿਆ। ਸੁਸ਼ਮਾ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ ਲਗਾਉਣ ਵਾਲੇ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ। ਉਨ੍ਹਾਂ ਆਖਿਆ ਕਿ ਜੇਕਰ ਪਾਕਿਸਤਾਨ ਨੇ ਧਿਆਨ ਦੇਣਾ ਹੈ ਤਾਂ ਉਹ ਬਲੋਚਿਸਤਾਨ ਵੱਲ ਦੇਵੇ। ਬਲੋਚਿਸਤਾਨ ਦਾ ਮੁੱਦਾ ਚੁੱਕਣ 'ਤੇ ਬਲੋਚ ਨੇਤਾ ਬੁਗਤੀ ਨੇ ਸੁਸ਼ਮਾ ਸਵਰਾਜ ਨੂੰ ਧੰਨਵਾਦ ਕਿਹਾ। ਬੁਗਤੀ ਮੁਤਾਬਕ ਉਹ ਉਮੀਦ ਕਰਦੇ ਹਨ ਕਿ ਭਾਰਤ ਅੱਗੇ ਵੀ ਅਜਿਹਾ ਹੀ ਕਰੇਗਾ। ਬੁਗਤੀ ਨੇ ਭਾਰਤ ਤੋਂ ਸ਼ਰਨ ਦੀ ਮੰਗ ਵੀ ਕੀਤੀ ਸੀ।
3- ਪਾਕਿਸਤਾਨ ਨੇ ਇੱਕ ਵਾਰ ਫਿਰ ਕਸ਼ਮੀਰ ਮਸਲੇ 'ਤੇ ਗੱਲਬਾਤ ਦੀ ਪੇਸ਼ਕਸ਼ ਰੱਖੀ ਹੈ, ਜਦਕਿ ਇਸਦੇ ਨਾਲ ਹੀ ਕਸ਼ਮੀਰ 'ਚ ਵਾਪਰ ਰਹੀਆਂ ਘਟਨਾਵਾਂ ਨੂੰ ਅੱਤਿਆਚਾਰ ਕਰਾਰ ਦਿੰਦੇ ਹੋਏ ਜਾਂਚ ਦੀ ਮੰਗ ਵੀ ਕੀਤੀ । ਪਾਕਿਸਤਾਨ ਦੇ ਸੈਨਾ ਪ੍ਰਮੁੱਖ ਜਨਰਲ ਰਾਹਿਲ ਸ਼ਰੀਫ ਨੇ ਭਾਰਤੀ ਖੂਫੀਆ ਏਜੰਸੀ 'ਰਾਅ' ਨੂੰ ਦੁਸ਼ਮਣ ਦੱਸਿਆ ਜਿਸਤੇ ਕਸ਼ਮੀਰ 'ਚ ਬੇਗੁਨਾਹਾਂ ਦਾ ਖੂਨ ਵਹਾਉਣ ਦੇ ਇਲਜ਼ਾਮ ਵੀ ਲਗਾਏ।
4- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਮਵਾਰ ਨੂੰ ਯੂਐਨ 'ਚ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ, ਜਿਸ ਤੇ ਅਮਰੀਕਾ ਦੀ ਪ੍ਰਤੀਕ੍ਰਿਆ ਆਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਸਿਰਫ ਬਿਆਨਬਾਜ਼ੀ ਨਾਲ ਨਹੀਂ ਬਲਕਿ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਰਾਂਹੀ ਵਿਵਾਦ ਨਿਕਲੇਗਾ। ਅਮਰੀਕਾ ਮੁਤਾਬਕ ਪਾਕਿਸਤਾਨ ਅੱਤਵਾਦ ਦੇ ਵਿਰੁੱਧ ਕਾਰਵਾਈ ਕਰ ਰਿਹਾ ਹੈ ਪਰ ਇਸ ਗੱਲ ਦੀ ਵੀ ਲੋਡ਼ ਹੈ ਕਿ ਪਾਕਿਸਤਾਨ ਉਹਨਾਂ ਅੱਤਵਾਦੀਆਂ ਦੇ ਖਿਲਾਫ ਵੀ ਕਾਰਵਾਈ ਕਰੋ ਜੋ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
5- ਪਾਕਿਸਤਾਨ ਨੂੰ ਅੱਤਵਾਦ ਨੂੰ ਵਧਾਵਾ ਦੇਣ ਵਾਲਾ ਦੇਸ਼ ਐਲਾਨਣ ਦੀ ਮੰਗ ਵਾਲੀ ਆਨਲਾਈਨ ਪਟੀਸ਼ਨ ਤੇ ਹਸਤਾਖਰ ਕਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ ਵੱਧ ਹੋ ਚੁੱਕੀ ਹੈ। ਹੁਣ ਇਹ ਓਬਾਮਾ ਪ੍ਰਸ਼ਾਸਨ ਵੱਲੋਂ ਜਵਾਬ ਦੀ ਪਾਤਰਤਾ ਰੱਖਦੀ ਹੈ। ਇਹ ਆਨਲਾਈਨ ਪਟੀਸ਼ਨ ਪਿਛਲੇ ਹਫਤੋ 21 ਸਤੰਬਰ ਨੂੰ ਭਾਰਤੀ ਅਮਰੀਕੀਆਂ ਨੇ ਸ਼ੁਰੂ ਕੀਤੀ ਸੀ॥ ਜੋ ਵਹਾਈਟ ਹਾਊਸ ਦੀ ਵੈਬਸਾਈਟ ਤੇ ਤੀਜੀ ਸਭ ਤੋਂ ਵੱਧ ਮਸ਼ਹੂਰ ਯਾਚਿਕਾ ਬਣ ਗਈ ਹੈ।
6- ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੋਵੇਂ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਡੋਨਾਲਡ ਟਰੰਪ ਆਹਮੋ ਸਾਹਮਣੇ ਹੋਏ। ਦਰਅਸਲ ਦੋਵੇਂ ਲੀਡਰ ਪ੍ਰੈਜ਼ੀਡੈਂਸ਼ੀਅਲ ਡਿਬੇਟ 'ਚ ਦੇਸ਼ ਵਿਦੇਸ਼ ਤੇ ਮੁੱਦਿਆਂ 'ਤੇ ਚਰਚਾ ਲਈ ਇੱਕ ਮੰਚ 'ਤੇ ਦਿਖੇ। ਜਿਨਾਂ ਵਿਚਾਲੇ ਅਰਥਵਿਵਸਥਾ, ਨਵੀਆਂ ਨੌਕਰੀਆਂ ਨੂੰ ਲੈ ਕੇ ਤਿੱਖੀ ਤਕਰਾਰ ਹੋਈ।
7- ਅਮਰੀਕਾ ਦੇ ਸਟ੍ਰਿਪ ਸਾਮਲ 'ਚ ਇੱਕ ਬੰਦੂਕਧਾਰੀਨੇ ਕਈ ਰਾਊਂਡ ਗੋਲੀਆਂ ਚਲਾਈਆਂ ਜਿਸ ਦੌਰਾਨ 9 ਲੋਕ ਜ਼ਖਮੀ ਹੋ ਗਏ। ਹਾਲਾਕਿ ਪੁਲਿਸ ਦੀ ਜਵਾਬੀ ਕਾਰਵਾਈ 'ਚ ਹਮਲਾਵਰ ਵੀ ਮਾਰਿਆ ਗਿਆ। ਹਮਲਾਵਰ ਦੀ ਪਛਾਣ ਨਾਥਨ ਦੇਸਾਈ ਦੇ ਰੂਪ 'ਚ ਹੋਈ ਹੈ। ਜਿਸ ਨੇ ਪਿਛਲੇ ਸਾਲ ਵਕਾਲਤ ਬੰਦ ਕਰ ਦਿਤੀ ਸੀ। ਅਮਰੀਕਾ ਵਿੱਚ ਪਿਛਲੇ ਕਈ ਦਿਨਾਂ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
8- ਪੈਰਿਸ ਜਲਵਾਊ ਸਮਝੌਤੇ ਨੂੰ ਮੰਨਜ਼ੂਰੀ ਦੇਣ ਦੇ ਫੈਸਲੇ ਮਗਰੋਂ ਫਰਾਂਸ ਨੇ ਭਾਰਤ ਨੂੰ ਧੰਨਵਾਦ ਕਿਹਾ ਹੈ। ਭਾਰਤ 2 ਅਕਤੂਬਰ ਨੂੰ ਇਸ ਸਮਝੌਤੇ ਨੂੰ ਮੰਨਜ਼ੂਰੀ ਦੇਵੇਗਾ ।
9- ਸਵਿਟਜ਼ਰਲੈਂਡ ਨੇ ਟੈਕਸ ਮਾਮਲਿਆਂ 'ਚ ਸਹਿਯੋਗ ਨਾਲ ਜੁੜੇ ਸਮਝੌਤੇ ਨੂੰ ਮੰਨਜ਼ੂਰੀ ਦਿੱਤੀ ਹੈ, ਜਿਸ ਕਾਰਨ ਭਾਰਤ ਸਮੇਤ ਹੋਰਾਂ ਦੇਸ਼ਾਂ ਨਾਲ ਟੈਕਸ ਸਬੰਧੀ ਜਾਣਕਾਰੀਆਂ ਸਾਂਝੀਆਂ ਕਰਨੀਆਂ ਆਸਾਨ ਹੋ ਜਾਣਗੀਆਂ।
10- ਸਰਚ ਇੰਜਣ ਗੂਗਲ ਦਾ ਅੱਜ 18ਵਾਂ ਜਨਮਦਿਨ ਹੈ। ਜਿਸ ਨੂੰ ਗੂਗਲ ਆਪਣੇ ਅੰਦਾਜ਼ 'ਚ ਸੈਲੀਬ੍ਰੇਟ ਕਰ ਰਿਹਾ ਹੈ। ਗੂਗਲ ਨੇ ਆਪਣੇ ਹੋਮ ਪੇਜ 'ਤੇ ਡੂਡਲ ਬਣਾ ਕੇ ਆਪਣੇ ਯੂਜ਼ਰਜ਼ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ।