ਜਕਾਰਤਾ: ਇੰਡੋਨੇਸ਼ੀਆ ਦਾ ਪੂਰਬੀ ਸੂਬਾ ਪਾਪੂਆ ਖਸਰੇ ਦੀ ਲਪੇਟ 'ਚ ਹੈ। ਇਸ ਦੀ ਵਜ੍ਹਾ ਨਾਲ ਉੱਥੇ ਕਰੀਬ 100 ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਮਰਨ ਵਾਲੇ ਸਾਰੇ ਬੱਚੇ ਕੁਪੋਸ਼ਣ ਦੇ ਵੀ ਸ਼ਿਕਾਰ ਦੱਸੇ ਜਾ ਰਹੇ ਹਨ।
ਪਾਪੁਆ ਸੂਬੇ 'ਚ ਫ਼ੌਜ ਦੇ ਬੁਲਾਰੇ ਮੁਹੰਮਦ ਅਈਦੀ ਨੇ ਦੱਸਿਆ ਕਿ ਇਕੱਲੇ ਅਸਮਤ ਖੇਤਰ 'ਚ 69 ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਪਹਾੜੀ ਜ਼ਿਲ੍ਹੇ ਓਕਸੀਬਿਲ 'ਚ ਵੀ 27 ਬੱਚਿਆਂ ਦੀ ਮੌਤ ਹੋਈ ਹੈ। ਅਈਦੀ ਨੇ ਕਿਹਾ, 'ਸਾਨੂੰ ਰਿਪੋਰਟ ਮਿਲੀ ਹੈ ਕਿ ਇਸ ਬਿਮਾਰੀ ਦਾ ਕਹਿਰ ਓਕਸੀਬਿਲ ਜ਼ਿਲ੍ਹੇ 'ਚ ਜਾਰੀ ਹੈ।
ਸਾਡੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।' ਉਨ੍ਹਾਂ ਅੱਗੇ ਕਿਹਾ ਕਿ ਖਸਰਾ ਜਾਨਲੇਵਾ ਬਿਮਾਰੀ ਹੈ ਪਰ ਜ਼ਿਆਦਾਤਰ ਬੱਚੇ ਕੁਪੋਸ਼ਣ ਦਾ ਸ਼ਿਕਾਰ ਸਨ ਇਸ ਲਈ ਖਸਰੇ ਦਾ ਸਾਹਮਣਾ ਨਹੀਂ ਕਰ ਸਕੇ।
ਅਸਮਤ ਖੇਤਰ 'ਚ ਸਰਕਾਰ ਅਤੇ ਫ਼ੌਜ ਦੇ ਲੋਕ ਦਵਾਈਆਂ, ਵੈਕਸੀਨ ਤੇ ਪੌਸ਼ਟਿਕ ਭੋਜਨ ਪਹੁੰਚਾਉਣ 'ਚ ਲੱਗੇ ਹਨ। ਪਰ ਦੂਰ ਦੁਰਾਡੇ ਖੇਤਰ ਹੋਣ ਕਾਰਨ ਰਾਹਤ ਬਲ ਓਕਸੀਬਿਲ 'ਚ ਸੋਮਵਾਰ ਤੋਂ ਪਹਿਲਾਂ ਨਹੀਂ ਪਹੁੰਚ ਸਕਦੇ। ਦੋਵਾਂ ਇਲਾਕਿਆਂ 'ਚ ਸਿਹਤ ਸਹੂਲਤਾਂ, ਡਾਕਟਰਾਂ, ਬੁਨਿਆਦੀ ਢਾਂਚੇ ਅਤੇ ਸੰਚਾਰ ਨੈੱਟਵਰਕ ਦੀ ਵੀ ਭਾਰੀ ਕਮੀ ਹੈ।
ਅਸਮਤ 'ਚ ਕਰੀਬ ਇਕ ਲੱਖ 29 ਹਜ਼ਾਰ ਲੋਕ ਰਹਿੰਦੇ ਹਨ। ਓਕਸੀਬਿਲ ਦੀ ਆਬਾਦੀ ਕਰੀਬ ਚਾਰ ਹਜ਼ਾਰ ਹੈ। ਖੇਤਰ ਦੇ ਕੁਝ ਪਿੰਡਾਂ 'ਚ ਪਹੁੰਚਣ 'ਚ ਪੂਰਾ ਦਿਨ ਲੱਗ ਜਾਂਦਾ ਹੈ।