Corona Effect on philanthropy: ਦੇਸ਼ 'ਚ ਵੱਡੇ ਅਮੀਰਾਂ ਦੀ ਗਿਣਤੀ 'ਚ ਭਾਰੀ ਉਛਾਲ ਤੇ ਅਮੀਰਾਂ ਦੇ ਹੋਰ ਅਮੀਰ ਹੋਣ ਦੇ ਬਾਵਜੂਦ ਕੋਵਿਡ-19 ਮਹਾਂਮਾਰੀ ਦੌਰਾਨ ਚੈਰੀਟੇਬਲ ਕੰਮਾਂ 'ਚ ਉਨ੍ਹਾਂ ਦਾ ਯੋਗਦਾਨ ਘਟ ਗਿਆ ਹੈ। ਇਸ ਦੇ ਨਾਲ ਹੀ ਮਹਾਮਾਰੀ ਦੌਰਾਨ 20 ਕਰੋੜ ਲੋਕ ਗ਼ਰੀਬ ਹੋ ਗਏ ਹਨ। ਗਲੋਬਲ ਸਲਾਹਕਾਰ ਕੰਪਨੀ 'ਬੇਨ ਐਂਡ ਕੰਪਨੀ' ਤੇ ਚੈਰੀਟੇਬਲ ਫੋਕਸਡ ਘਰੇਲੂ ਸਲਾਹਕਾਰ ਕੰਪਨੀ ਡਾਸਰਾ ਨੇ ਆਪਣੀ ਰਿਪੋਰਟ 'ਭਾਰਤ ਪਰਮਾਰਥ 2022' ਵਿੱਚ ਇਹ ਜਾਣਕਾਰੀ ਦਿੱਤੀ ਹੈ।



CSR 'ਚ ਨਜ਼ਰ ਆਈ ਤੇਜ਼ੀ, ਪਰ ਵੱਡੇ ਅਮੀਰਾਂ ਨੇ ਚੈਰਿਟੀ ਕੰਮਾਂ 'ਤੇ ਖਰਚ ਘਟਾਇਆ
ਰਿਪੋਰਟ ਅਨੁਸਾਰ ਜਿੱਥੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਖਰਚ ਵਿੱਤੀ ਸਾਲ 2014-15 'ਚ 12 ਫ਼ੀਸਦੀ ਤੋਂ ਵੱਧ ਕੇ ਵਿੱਤੀ ਸਾਲ 2020-21 'ਚ 23 ਫ਼ੀਸਦੀ ਹੋ ਗਿਆ ਹੈ, ਉੱਥੇ ਹੀ ਬਹੁਤ ਅਮੀਰਾਂ ਵੱਲੋਂ ਚੈਰੀਟੇਬਲ ਕੰਮਾਂ ਉੱਤੇ ਇਹੀ ਖਰਚਾ ਵਿੱਤੀ ਸਾਲ 2014-15 'ਚ 18 ਫ਼ੀਸਦੀ ਸੀ। ਵਿੱਤੀ ਸਾਲ 2020-21 'ਚ ਇਹ ਪ੍ਰਤੀਸ਼ਤਤਾ ਘੱਟ ਕੇ 11 ਫ਼ੀਸਦੀ ਰਹਿ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਿੱਜੀ ਵਿਦੇਸ਼ੀ ਕੰਪਨੀਆਂ ਵੱਲੋਂ ਚੈਰੀਟੇਬਲ ਖ਼ਰਚ ਵੀ ਵਿੱਤੀ ਸਾਲ 2014-15 'ਚ 26 ਫ਼ੀਸਦੀ ਤੋਂ ਘੱਟ ਕੇ ਵਿੱਤੀ ਸਾਲ 2020-21 'ਚ 15 ਫ਼ੀਸਦੀ ਰਹਿ ਗਿਆ ਹੈ।

CSR 'ਚ ਘਰੇਲੂ ਕੰਪਨੀਆਂ ਦਾ ਵਧਿਆ ਯੋਗਦਾਨ
ਘਰੇਲੂ ਕੰਪਨੀਆਂ ਦੇ ਚੈਰੀਟੇਬਲ ਖ਼ਰਚੇ ਇਸ ਸਮੇਂ ਦੌਰਾਨ ਸਾਲਾਨਾ ਆਧਾਰ 'ਤੇ 8 ਤੋਂ 10 ਫ਼ੀਸਦੀ ਵਧੇ ਹਨ। ਇਸ ਦਾ ਮੁੱਖ ਕਾਰਨ ਸੀਐਸਆਰ 'ਚ ਉਨ੍ਹਾਂ ਦਾ ਯੋਗਦਾਨ ਹੈ। ਰਿਪੋਰਟ 'ਚ ਪਾਇਆ ਗਿਆ ਹੈ ਕਿ ਵਿੱਤੀ ਸਾਲ 2014-15 ਤੇ ਵਿੱਤੀ ਸਾਲ 2020-21 ਵਿਚਕਾਰ ਸਮਾਜਿਕ ਖੇਤਰ ਲਈ ਫੰਡਿੰਗ ਸਾਲ-ਦਰ-ਸਾਲ 12 ਫ਼ੀਸਦੀ ਵੱਧ ਕੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ 8.3 ਫ਼ੀਸਦੀ ਹੋ ਗਈ।

ਰਿਪੋਰਟ 'ਚ ਪਰਮਾਰਥ ਨੂੰ ਤਿੰਨ ਕੈਟਾਗਰੀਆਂ 'ਚ ਵੰਡਿਆ ਗਿਆ ਹੈ : CSR, ਦਾਨ ਅਤੇ ਪਰਿਵਾਰਕ ਚੈਰਿਟੀ। ਦੇਸ਼ 'ਚ ਸੀਐਸਆਰ ਮਤਲਬ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਵੱਡੇ ਕਾਰਪੋਰੇਟ ਚੈਰੀਟੇਬਲ ਕੰਮਾਂ 'ਚ ਖਰਚ ਕਰਦੇ ਹਨ ਤੇ ਲੋੜਵੰਦ ਲੋਕਾਂ ਅਤੇ ਸੰਸਥਾਵਾਂ ਦੀ ਮਦਦ ਕਰਦੇ ਹਨ। ਦੇਸ਼ ਦੇ ਵੱਡੇ ਪਰਉਪਕਾਰੀ ਲੋਕਾਂ 'ਚ ਵਿਪਰੋ ਦੇ ਅਜ਼ੀਮ ਪ੍ਰੇਮਜੀ ਦਾ ਨਾਂ ਸਭ ਤੋਂ ਵੱਧ ਪਰਉਪਕਾਰੀ ਕੰਮ ਕਰਨ ਵਾਲਿਆਂ 'ਚ ਪਹਿਲੇ ਨੰਬਰ 'ਤੇ ਹੈ। ਕਈ ਵੱਡੇ ਕਾਰਪੋਰੇਟ ਘਰਾਣੇ ਵੀ ਇਸ ਖੇਤਰ 'ਚ ਯੋਗਦਾਨ ਪਾਉਂਦੇ ਹਨ।