ਲਾਸ ਏਂਜਲਸ: ਅਮਰੀਕਾ ਵਿੱਚ ਹਿੰਸਕ ਹਮਲੇ ਲਗਾਤਾਰ ਵਧ ਰਹੇ ਹਨ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਬਿਰਧ ਘਰ ਵਿੱਚ ਬੰਦੂਕਧਾਰੀ ਤੇ ਉਸ ਵੱਲੋਂ ਸੰਭਵ ਤੌਰ ’ਤੇ ਬੰਧਕ ਬਣਾਈਆਂ ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਕਰੀਬ ਘੰਟਾ ਭਰ ਬੰਦੂਕਧਾਰੀ ਦਾ ਪੁਲੀਸ ਨਾਲ ਡਰਾਮਾ ਚੱਲਦਾ ਰਿਹਾ।


ਹਮਲਾਵਰ ਮੁਕਾਮੀ ਸਮੇਂ ਮੁਤਾਬਕ ਸਵੇਰੇ ਕਰੀਬ 10.20 ਵਜੇ ਨਾਪਾ ਵੈਲੀ ਸਥਿਤ ਕੈਲੀਫੋਰੀਆ-ਯੂਨਟਵਿਲੇ ਦੇ ਬਿਰਧ ਘਰ ਵਿੱਚ ਦਾਖ਼ਲਾ ਹੋਇਆ, ਜੋ ਅਮਰੀਕਾ ਦਾ ਸਭ ਤੋਂ ਵੱਡਾ ਬਿਰਧ ਘਰ ਹੈ, ਜਿਥੇ ਇਕ ਹਜ਼ਾਰ ਦੇ ਕਰੀਬ ਬਜ਼ੁਰਗ ਪੁਰਸ਼-ਔਰਤਾਂ ਰਹਿੰਦੇ ਹਨ।

ਇੱਕ ਪ੍ਰੈਸ ਕਾਨਫਰੰਸ ’ਚ ਕੈਲੀਫੋਰਨੀਆ ਹਾਈਵੇਅ ਪੈਟਰੋਲ ਦੇ ਅਧਿਕਾਰੀ ਕੈਪਟਨ ਕ੍ਰਿਸ ਚਾਈਲਡਜ਼ ਨੇ ਕਿਹਾ, ‘‘ਸ਼ਾਮ ਕਰੀਬ 6 ਵਜੇ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਉਸ ਕਮਰੇ ਵਿੱਚ ਦਾਖ਼ਲ ਹੋਏ, ਜਿਸ ਵਿੱਚ ਬੰਧਕਾਂ ਨੂੰ ਬੰਦ ਕਰ ਕੇ ਰੱਖੇ ਹੋਣ ਦਾ ਖ਼ਦਸ਼ਾ ਸੀ। ਉਥੇ ਤਿੰਨ ਔਰਤਾਂ ਤੇ ਮਸ਼ਕੂਕ ਹਮਲਾਵਰ ਦੀ ਲਾਸ਼ ਮਿਲੀ ਹੈ।’’

ਹਾਲੇ ਇਹ ਪਤਾ ਨਹੀਂ ਸੀ ਲੱਗ ਸਕਿਆ ਕਿ ਹਮਲਾਵਰ ਨੇ ਇਨ੍ਹਾਂ ਔਰਤਾਂ ਦੀ ਜਾਨ ਗਿਣ-ਮਿੱਥ ਕੇ ਲਈ ਜਾਂ ਉਹ ਅਚਨਚੇਤ ਉਸ ਦਾ ਨਿਸ਼ਾਨਾ ਬਣ ਗਈਆਂ। ਰੋਜ਼ਨਾਮਾ ‘ਸਾਨ ਫਰਾਂਸਿਸਕੋ ਕਰੌਨਿਕਲ’ ਦੀ ਰਿਪੋਰਟ ਮੁਤਾਬਕ ਹਮਲਾਵਰ ਕਰੀਬ 36 ਸਾਲ ਉਮਰ ਦਾ ਸਾਬਕਾ ਫ਼ੌਜੀ ਸੀ। ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਅਜਿਹੇ ਹਮਲੇ ਹੋਏ ਹਨ ਜਿਸ ਕਰਕੇ ਇਹ ਮੁੱਦਾ ਗੰਭੀਰ ਬਣਿਆ ਹੋਇਆ ਹੈ।