ਲਾਗੋਸ: ਉੱਤਰ-ਪੱਛਮੀ ਨਾਈਜ਼ੀਰੀਆ ਦੇ ਸੋਕੋਤੋ ਸੂਬੇ ਦੇ ਗੋਰੋਨੀਆ ਸ਼ਹਿਰ ਦੇ ਬਾਜ਼ਾਰ 'ਚ ਹਥਿਆਰਬੰਦ ਹਮਲਾਵਰਾਂ ਨੇ ਘੱਟੋ-ਘੱਟ 43 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਹਮਲੇ ਤੋਂ ਬਾਅਦ ਸੂਬਾ ਸਰਕਾਰ ਨੇ ਕਿਹਾ ਕਿ ਇਕ ਸ਼ੱਕੀ ਅਪਰਾਧੀ ਗਰੋਹ ਦੇ ਬੰਦੂਕਧਾਰੀਆਂ ਨੇ ਉੱਤਰ-ਪੱਛਮੀ ਨਾਈਜ਼ੀਰੀਆ ਦੇ ਸੋਕੋਟੋ ਸੂਬੇ ਦੇ ਇੱਕ ਪਿੰਡ ਦੇ ਬਾਜ਼ਾਰ 'ਚ ਹਮਲਾ ਕੀਤਾ, ਜਿਸ 'ਚ ਦਰਜਨਾਂ ਲੋਕ ਮਾਰੇ ਗਏ।


ਮੀਡੀਆ ਰਿਪੋਰਟਾਂ ਅਨੁਸਾਰ ਸੋਕੋਟੋ ਸਰਕਾਰ ਦੇ ਬੁਲਾਰੇ ਮੁਹੰਮਦ ਬੇਲੋ ਨੇ ਇੱਕ ਬਿਆਨ 'ਚ ਕਿਹਾ ਕਿ ਸੋਕੋਟੋ ਸੂਬੇ ਦੇ ਗੋਰੋਨਿਓ ਪਿੰਡ 'ਚ ਬੰਦੂਕਧਾਰੀਆਂ ਦੇ ਹਮਲੇ 'ਚ 43 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਬੇਲੋ ਨੇ ਕਿਹਾ ਕਿ ਹਮਲਾ ਸੋਮਵਾਰ ਸ਼ਾਮ ਨੂੰ ਗੋਰੋਨਿਓ ਜ਼ਿਲ੍ਹੇ 'ਚ ਹੋਇਆ। ਉਨ੍ਹਾਂ ਕਿਹਾ ਕਿ ਇਹ ਬਾਜ਼ਾਰ ਦਾ ਦਿਨ ਸੀ ਤੇ ਬਹੁਤ ਸਾਰੇ ਲੋਕ ਇੱਥੇ ਮੌਜੂਦ ਸਨ।


ਸੋਕੋਟੋ ਦੇ ਰਾਜਪਾਲ ਅਮੀਨੂ ਵਜ਼ੀਰੀ ਤੰਬੂਵਾਲ ਨੇ ਇਕ ਬਿਆਨ 'ਚ ਕਿਹਾ ਕਿ ਹਮਲਾ ਐਤਵਾਰ ਨੂੰ ਗੋਰੋਨਿਓ ਦੇ ਹਫ਼ਤਾਵਾਰੀ ਬਾਜ਼ਾਰ 'ਚ ਸ਼ੁਰੂ ਹੋਇਆ ਅਤੇ ਸੋਮਵਾਰ ਸਵੇਰ ਤਕ ਜਾਰੀ ਰਿਹਾ। ਵਿਦੇਸ਼ੀ ਮੀਡੀਆ ਰਿਪੋਰਟਾਂ ਅਨੁਸਾਰ ਹਥਿਆਰਬੰਦ ਹਮਲਾਵਰਾਂ ਦੇ ਗਰੁੱਪ ਨੇ ਉੱਤਰ-ਪੱਛਮ ਅਤੇ ਮੱਧ ਨਾਈਜ਼ੀਰੀਆ 'ਚ ਕਈ ਸਾਲਾਂ ਤੋਂ ਦਹਿਸ਼ਤ ਫੈਲਾਈ ਹੋਈ ਹੈ। ਇਨ੍ਹਾਂ ਲੋਕਾਂ ਨੇ ਪਿੰਡਾਂ ਉੱਤੇ ਛਾਪੇ ਮਾਰੇ ਅਤੇ ਲੁੱਟ ਮਚਾਈ, ਪਰ ਹਾਲ ਦੇ ਮਹੀਨਿਆਂ 'ਚ ਇਨ੍ਹਾਂ ਦੇ ਹਮਲੇ ਹੋਰ ਵੀ ਹਿੰਸਕ ਹੋ ਗਏ ਹਨ।


ਨਾਈਜੀਰੀਆ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਉੱਤਰ-ਪੱਛਮੀ ਨਾਈਜੀਰੀਆ ਦੇ ਸੋਕੋਤੋ ਸੂਬੇ ਦੇ ਗੋਰੋਨਿਓ ਪਿੰਡ ਦੇ ਇਕ ਹਫਤਾਵਾਰੀ ਬਾਜ਼ਾਰ 'ਚ ਬੰਦੂਕਧਾਰੀਆਂ ਵੱਲੋਂ ਹਮਲਾ ਕਰਨ ਨਾਲ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ। ਸੋਕੋਟੋ ਸੂਬੇ ਦੇ ਗਵਰਨਰ ਅਮੀਨੂ ਵਜ਼ੀਰੀ ਤੰਬੂਵਾਲ ਨੇ ਸੋਮਵਾਰ ਸ਼ਾਮ ਨੂੰ ਇਕ ਬਿਆਨ 'ਚ ਕਿਹਾ ਕਿ ਹਮਲਾਵਰਾਂ ਦੇ ਇਕ ਗਰੁੱਪ ਨੇ ਐਤਵਾਰ ਰਾਤ ਨੂੰ ਸੂਬੇ ਦੇ ਗੋਰੋਨਿਓ ਸਥਾਨਕ ਸਰਕਾਰ ਖੇਤਰ ਦੇ ਮੁੱਖ ਦਫ਼ਤਰ ਗੋਰੋਨਿਓ ਸ਼ਹਿਰ ਉੱਤੇ ਹਮਲਾ ਕੀਤਾ, ਜਿਸ 'ਚ ਘੱਟੋ-ਘੱਟ 43 ਲੋਕਾਂ ਦੀ ਮੌਤ ਹੋ ਗਈ।