ਇਸਤਾਂਬੁਲ : ਤੁਰਕੀ 'ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ ਕੀਤੇ ਗਏ। ਇਨ੍ਹਾਂ 'ਚੋਂ 51 ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ ਸਾਲ ਤੁਰਕੀ 'ਚ ਤਖ਼ਤਾਪਲਟ ਦੀ ਸਾਜ਼ਿਸ਼ ਰਚਨ ਦੇ ਦੋਸ਼ੀ ਅਮਰੀਕਾ 'ਚ ਰਹਿ ਰਹੇ ਮੌਲਵੀ ਨਾਲ ਉਨ੍ਹਾਂ ਦੇ ਜੁੜੇ ਹੋਣ ਦਾ ਸ਼ੱਕ ਹੈ।
ਡੋਗਨ ਨਿਊਜ਼ ਏਜੰਸੀ ਮੁਤਾਬਿਕ, ਬਾਕੀ ਬਚੇ ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਮੁਹਿੰਮ ਜਾਰੀ ਹੈ। ਇਸ ਤੋਂ ਪਹਿਲਾਂ ਜੁਲਾਈ 2016 'ਚ ਤੁਰਕੀ 'ਚ ਅਸਫ਼ਲ ਤਖ਼ਤਾਪਲਟ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਇਨ੍ਹਾਂ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਤਖ਼ਤਾਪਲਟ ਦੀ ਸਾਜ਼ਿਸ਼ ਲਈ 1999 ਤੋਂ ਪੈਂਸਿਲਵੇਨੀਆ 'ਚ ਰਹਿ ਰਹੇ ਮੌਲਵੀ ਫੇਤੁੱਲਾ ਗੁਲੇਨ ਨੂੰ ਤੁਰਕੀ ਜ਼ਿੰਮੇਵਾਰ ਦੱਸਦਾ ਹੈ। ਹਾਲਾਂਕਿ ਗੁਲੇਨ ਨੇ ਇਸ ਤੋਂ ਇਨਕਾਰ ਕੀਤਾ ਹੈ। ਤਖ਼ਤਾਪਲਟ ਦੇ ਯਤਨ ਨਾਲ ਜੁੜੇ ਹੋਣ ਦੇ ਸ਼ੱਕ 'ਚ ਕਰੀਬ 50 ਹਜ਼ਾਰ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਿਨ੍ਹਾਂ ਦਾ ਮੁਕੱਦਮਾ ਪੈਂਡਿੰਗ ਹੈ।
ਫ਼ੌਜੀ, ਅਧਿਆਪਕ ਤੇ ਸਰਕਾਰੀ ਮੁਲਾਜ਼ਮਾਂ ਸਮੇਤ ਕਰੀਬ 150,000 ਲੋਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਜਾਂ ਮੁਅੱਤਲ ਕਰ ਦਿੱਤਾ ਗਿਆ ਹੈ। ਤੁਰਕੀ ਸਰਕਾਰ ਦਾ ਦੋਸ਼ ਹੈ ਕਿ ਨਿਆਂਪਾਲਿਕਾ, ਫ਼ੌਜ, ਸਕੂਲ ਤੇ ਅਦਾਰਿਆਂ 'ਚ ਗੁਲੇਨ ਦੇ ਨੈੱਟਵਰਕ ਦੀ ਪੈਠ ਹੈ।