ਲੰਦਨ: ਇੰਗਲੈਂਡ ਦੇ ਵੈਸਟ ਮਿਡਲੈਂਡ ਖੇਤਰ ਵਿੱਚ ਇੱਕ ਗੁਰਦੁਆਰੇ ਵਿੱਚ ਸਿੱਖ ਤੇ ਇੱਕ ਗੈਰ ਸਿੱਖ ਜੋੜੇ ਦੇ ਵਿਆਹ ਦੇ ਵਿਰੋਧ ਕਰਨ ਵਾਲੇ 55 ਤਲਵਾਰਧਾਰੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਾਰਵਿਕਸਾਇਰ ਪੁਲਿਸ ਅਫਸਰਾਂ ਮੁਤਾਬਕ ਹੁਣ ਵੀ ਗੁਰਦੁਆਰੇ ਦੇ ਅੰਦਰ ਕਈ ਹੋਰ ਲੋਕਾਂ ਨਾਲ ਗੱਲਬਾਤ ਲਈ ਮੌਜੂਦ ਹੋਣ ਦੀ ਗੱਲ ਸਾਹਮਣੇ ਆਈ ਹੈ। ਇੱਕ ਰਿਪੋਰਟ ਦੇ ਮੁਤਾਬਕ ਅੱਠ ਘੰਟਿਆਂ ਦੇ ਪ੍ਰਦਰਸ਼ਨ ਤੋਂ ਬਾਅਦ 55 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 20 ਤੋਂ 30 ਲੋਕਾਂ ਦੇ ਗੁਰਦੁਆਰੇ ਵਿੱਚ ਦਾਖਲ ਹੋਣ ਦੀ ਰਿਪੋਰਟ ਮਿਲੀ ਸੀ। ਉਨ੍ਹਾਂ ਦੱਸਿਆ,'ਅਫਸਰ ਸ਼ਾਂਤੀ ਨਾਲ ਮਾਮਲੇ ਦੇ ਹੱਲ ਲਈ ਗੁਰਦੁਆਰੇ ਦੇ ਅੰਦਰ ਗੱਲਬਾਤ ਕਰ ਰਹੇ ਹਨ। ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਇਸ ਘਟਨਾ ਨੂੰ ਅੱਤਵਾਦੀ ਘਟਨਾ ਦੇ ਤੌਰ 'ਤੇ ਨਹੀਂ ਦੇਖਿਆ ਜਾ ਰਿਹਾ।' ਬੁਲਾਰੇ ਨੇ ਦੱਸਿਆ ਕਿ ਕੁਝ ਲੋਕਾਂ ਦੇ ਕੋਲ ਤੇਜ਼ਧਾਰ ਹਥਿਆਰ ਸਨ ਤੇ ਅਫਸਰਾਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ।