Women Killing: ਬੇਸ਼ੱਕ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਔਰਤਾਂ ਨੂੰ ਅੱਜ ਵੀ ਬਣਦਾ ਮੁਕਾਮ ਹਾਸਲ ਨਹੀਂ ਹੋ ਸਕਿਆ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਔਰਤਾਂ ਦੇ ਕਤਲ ਬਾਰੇ ਰੂਹ ਕੰਬਾਊ ਖੁਲਾਸਾ ਹੋਇਆ ਹੈ। ਪਿਛਲੇ ਸਾਲ ਰੋਜ਼ਾਨਾ 140 ਔਰਤਾਂ ਤੇ ਲੜਕੀਆਂ ਨੂੰ ਘਰਾਂ ਅੰਦਰ ਹੀ ਕਤਲ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਆਧੁਨਿਕ ਮੁਲਕ ਮੰਨੇ ਜਾਣ ਵਾਲੇ ਅਮਰੀਕਾ ’ਚ ਸਭ ਤੋਂ ਵੱਧ ਕਤਲ ਹੋਏ ਹਨ। ਦਰਅਸਲ ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਹਰ ਰੋਜ਼ ਔਸਤਨ 140 ਔਰਤਾਂ ਤੇ ਲੜਕੀਆਂ ਦੀ ਹੱਤਿਆ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਦੀਕੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਕੀਤੀ ਗਈ। ਏਜੰਸੀਆਂ ਨੇ ਆਪਣੀ ਰਿਪੋਰਟ ’ਚ ਘਰਾਂ ਨੂੰ ਔਰਤਾਂ ਲਈ ਸਭ ਤੋਂ ਖਤਰਨਾਕ ਥਾਂ ਕਰਾਰ ਦਿੱਤਾ ਹੈ। 


ਸੰਯੁਕਤ ਰਾਸ਼ਟਰ ਮਹਿਲਾ (ਯੂਐਨ ਵੂਮੈਨ) ਤੇ ਸੰਯੁਕਤ ਰਾਸ਼ਟਰ ਡਰੱਗਜ਼ ਤੇ ਅਪਰਾਧ ਦਫ਼ਤਰ (ਯੂਐਨ ਆਫਿਸ ਆਫ ਡਰੱਗਜ਼ ਐਂਡ ਕ੍ਰਾਈਮ) ਨੇ ਕਿਹਾ ਕਿ ਆਲਮੀ ਪੱਧਰ ’ਤੇ 2023 ਦੌਰਾਨ ਲਗਪਗ 51,100 ਔਰਤਾਂ ਤੇ ਲੜਕੀਆਂ ਦੀ ਮੌਤ ਲਈ ਉਨ੍ਹਾਂ ਦੇ ਨੇੜਲੇ ਸਾਥੀ ਜਾਂ ਪਰਿਵਾਰ ਦਾ ਮੈਂਬਰ ਜ਼ਿੰਮੇਵਾਰ ਰਿਹਾ, ਜਦਕਿ 2022 ਵਿੱਚ ਇਹ ਅੰਕੜਾ ਅੰਦਾਜ਼ਨ 48,800 ਸੀ। 


ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਕੌਮਾਂਤਰੀ ਦਿਵਸ ਮੌਕੇ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਵਾਧਾ ਹੱਤਿਆਵਾਂ ਦੇ ਵੱਧ ਹੋਣ ਦਾ ਨਹੀਂ ਹੈ, ਸਗੋਂ ਮੁੱਖ ਤੌਰ ’ਤੇ ਦੇਸ਼ਾਂ ਤੋਂ ਵੱਧ ਅੰਕੜੇ ਉਪਲੱਬਧ ਹੋਣ ਦਾ ਨਤੀਜਾ ਹੈ। ਰਿਪੋਰਟ ਅਨੁਸਾਰ ਔਰਤਾਂ ਤੇ ਲੜਕੀਆਂ ਦੇ ਨਜ਼ਦੀਕੀ ਸਾਥੀ ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਹੱਤਿਆਵਾਂ ਦੇ ਸਭ ਤੋਂ ਵੱਧ ਮਾਮਲੇ ਅਫਰੀਕਾ ਵਿੱਚ ਸਨ, ਜਿੱਥੇ 2023 ’ਚ ਅੰਦਾਜ਼ਨ 21,700 ਔਰਤਾਂ ਪੀੜਤ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਮਰੀਕਾ ’ਚ ਵੀ ਇਹ ਦਰ ਕਾਫ਼ੀ ਜ਼ਿਆਦਾ ਸੀ, ਜਿੱਥੇ ਇੱਕ ਲੱਖ ਵਿਅਕਤੀਆਂ ਪਿੱਛੇ 1.6 ਔਰਤਾਂ ਪੀੜਤ ਸਨ ਜਦਕਿ ਓਸ਼ਨੀਆ ’ਚ ਇਹ ਦਰ ਪ੍ਰਤੀ ਇੱਕ ਲੱਖ ’ਚ 1.5 ਸੀ। ਏਸ਼ੀਆ ’ਚ ਇਹ ਦਰ ਕਾਫੀ ਘੱਟ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।