ਮਸ਼ਹੂਰ ਸੈਰ-ਸਪਾਟਾ ਸਥਾਨ 'ਤੇ ਬਿਕਨੀ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਜੁਰਮਾਨੇ ਵਜੋਂ ਉਸ ਨੂੰ 40 ਹਜ਼ਾਰ ਤੋਂ ਵੱਧ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਪ੍ਰਸ਼ਾਸਨ ਨੇ ਇਹ ਕਦਮ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਚੁੱਕਿਆ ਹੈ।


ਮਾਮਲਾ ਇਟਲੀ ਦੇ ਤੱਟਵਰਤੀ ਇਲਾਕਿਆਂ Pompeii ਅਤੇ Naples ਦਾ ਹੈ। ‘ਡੇਲੀ ਮੇਲ’ ਮੁਤਾਬਕ ਇੱਥੋਂ ਦੇ ਮੇਅਰ ਨੇ ਇੱਕ ਹੁਕਮ ਜਾਰੀ ਕੀਤਾ ਹੈ। ਇਸ ਦੇ ਮੁਤਾਬਕ ਜੇਕਰ ਕੋਈ ਬਿਕਨੀ ਪਹਿਨ ਕੇ, ਬਿਨਾਂ ਕਮੀਜ਼ ਵਾਲਾ ਜਾਂ ਘੱਟ ਕੱਪੜੇ ਪਹਿਨ ਕੇ ਸੜਕਾਂ 'ਤੇ ਆਉਂਦਾ ਦੇਖਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


ਦਰਅਸਲ ਬੀਚ ਦੇ ਨਾਲ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਸਥਿਤ ਟੂਰਿਸਟ ਪਲੇਸ 'ਤੇ ਛੁੱਟੀਆਂ ਬਿਤਾਉਣ ਆਏ ਲੋਕ ਘੱਟ ਕੱਪੜੇ ਪਾ ਕੇ 'ਅਸ਼ਲੀਲ ਵਿਵਹਾਰ' ਕਰਦੇ ਹਨ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਉਹ ਅਸਹਿਜ ਮਹਿਸੂਸ ਕਰਦੇ ਹਨ।


ਸੈਲਾਨੀਆਂ ਨੂੰ ਚੇਤਾਵਨੀ


ਮੇਅਰ ਨੇ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਬੀਚ 'ਤੇ ਆਉਣ ਵਾਲੇ ਸੈਲਾਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ 'ਛੋਟੇ ਕੱਪੜਿਆਂ' ਵਿੱਚ 'ਅਸ਼ਲੀਲ ਹਰਕਤ' ਕਰਦਾ ਪਾਇਆ ਗਿਆ ਤਾਂ ਉਸ ਨੂੰ 425 ਪੌਂਡ (40 ਹਜ਼ਾਰ ਰੁਪਏ ਤੋਂ ਵੱਧ) ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।


ਮੇਅਰ ਨੇ ਕਿਹਾ ਕਿ ਸਥਾਨਕ ਲੋਕਾਂ ਨੂੰ ਡਰ ਹੈ ਕਿ ਸੈਲਾਨੀਆਂ ਦੀ ਹਰਕਤ ਤੱਟਵਰਤੀ ਸ਼ਹਿਰ ਦੇ "ਮਾਣ" ਅਤੇ "ਜੀਵਨ ਦੀ ਗੁਣਵੱਤਾ" ਨੂੰ ਬਰਬਾਦ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਅਧਿਕਾਰੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੜਕਾਂ ਅਤੇ ਤੱਟਵਰਤੀ ਖੇਤਰਾਂ ਵਿੱਚ ਗਸ਼ਤ ਕਰਨਗੇ। ਬਿਨਾਂ ਕਮੀਜ਼ ਜਾਂ ਤੈਰਾਕੀ ਦੇ ਕੱਪੜਿਆਂ ਵਿੱਚ ਪਾਏ ਜਾਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ।


ਇੱਕ ਸਥਾਨਕ ਪੱਤਰਕਾਰ ਨੇ ਦੱਸਿਆ ਕਿ ਇਸ ਸੈਰ ਸਪਾਟਾ ਸਥਾਨ 'ਤੇ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਜਿਸ ਤਰ੍ਹਾਂ ਉਹ ਬੀਚ ਉਤੇ ਘੁੰਮਦੇ ਹਨ, ਉਂਝ ਹੀ ਸ਼ਹਿਰ ਦੀਆਂ ਸੜਕਾਂ 'ਤੇ ਆ ਜਾਂਦੇ ਹਨ। ਇਹ ਕੁਝ ਲੋਕਾਂ ਨੂੰ ਅਸੁਵਿਧਾਜਨਕ ਬਣਾਉਂਦਾ ਹੈ। ਅਜਿਹੇ ਨਿਯਮ ਪਹਿਲਾਂ ਹੀ ਕਈ ਬੀਚ ਖੇਤਰਾਂ ਵਿੱਚ ਲਾਗੂ ਕੀਤੇ ਜਾ ਚੁੱਕੇ ਹਨ।