ਕਾਬੁਲ, Afghanistan Crisis: ਅਫਗਾਨਿਸਤਾਨ ਸੰਕਟ 'ਤੇ ਸਾਰੀਆਂ ਧਿਰਾਂ ਦੀ ਬੈਠਕ ਖਤਮ ਹੋ ਗਈ ਹੈ। ਇਸ ਮੁਲਾਕਾਤ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਇਹ ਮੀਟਿੰਗ ਕਰੀਬ ਸਾਢੇ ਤਿੰਨ ਘੰਟੇ ਚੱਲੀ। 31 ਪਾਰਟੀਆਂ ਦੇ 37 ਨੇਤਾਵਾਂ ਨੇ ਇਸ ਵਿੱਚ ਹਿੱਸਾ ਲਿਆ। ਲਗਪਗ ਹਰ ਕਿਸੇ ਨੇ ਆਪਣੀ ਗੱਲ ਰੱਖੀ। ਜਦੋਂ ਤਾਲਿਬਾਨ ਪ੍ਰਤੀ ਭਾਰਤ ਸਰਕਾਰ ਦੇ ਰੁਖ ਬਾਰੇ ਪੁੱਛਿਆ ਗਿਆ ਤਾਂ ਜੈਸ਼ੰਕਰ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਹਾਲਾਤ ਨਹੀਂ ਸੁਧਰੇ ਹਨ, ਉਨ੍ਹਾਂ ਨੂੰ ਠੀਕ ਹੋਣ ਦਿਉ।
ਐਸ ਜੈਸ਼ੰਕਰ ਨੇ ਕਿਹਾ ਕਿ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਫਲੋਰ ਲੀਡਰਾਂ ਨੂੰ ਅਫਗਾਨਿਸਤਾਨ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਸਾਡਾ ਧਿਆਨ ਬਾਹਰ ਕੱਢਣ 'ਤੇ ਹੈ ਅਤੇ ਸਰਕਾਰ ਲੋਕਾਂ ਨੂੰ ਕੱਢਣ ਲਈ ਸਭ ਕੁਝ ਕਰ ਰਹੀ ਹੈ। ਸਾਰੀਆਂ ਪਾਰਟੀਆਂ ਦੇ ਵਿਚਾਰ ਇੱਕੋ ਹਨ, ਅਸੀਂ ਇਸ ਮੁੱਦੇ 'ਤੇ ਰਾਸ਼ਟਰੀ ਏਕਤਾ ਦੀ ਭਾਵਨਾ ਨਾਲ ਗੱਲ ਕੀਤੀ।
ਵਿਦੇਸ਼ ਮੰਤਰੀ ਨੇ ਕਿਹਾ ਕਿ ਆਪਰੇਸ਼ਨ 'ਦੈਵੀ ਸ਼ਕਤੀ' ਤਹਿਤ ਅਸੀਂ 6 ਉਡਾਣਾਂ ਦਾ ਸੰਚਾਲਨ ਕੀਤਾ। ਅਸੀਂ ਜ਼ਿਆਦਾਤਰ ਭਾਰਤੀਆਂ ਨੂੰ ਵਾਪਸ ਲਿਆਏ ਹਾਂ। ਪਰ ਸਾਰਿਆਂ ਨੂੰ ਵਾਪਸ ਨਹੀਂ ਲਿਆ ਸਕੇ ਕਿਉਂਕਿ ਕੁਝ ਲੋਕ ਉਡਾਣਾਂ ਵਾਲੇ ਦਿਨ ਨਹੀਂ ਪਹੁੰਚ ਸਕੇ। ਅਸੀਂ ਨਿਸ਼ਚਤ ਰੂਪ ਵਿੱਚ ਕੋਸ਼ਿਸ਼ ਕਰਾਂਗੇ ਅਤੇ ਸਾਰਿਆਂ ਨੂੰ ਬਾਹਰ ਲਿਆਵਾਂਗੇ। ਅਸੀਂ ਕੁਝ ਅਫਗਾਨ ਨਾਗਰਿਕਾਂ ਨੂੰ ਵੀ ਕੱਢਿਆ ਹੈ।
ਐਸ. ਜੈਸ਼ੰਕਰ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਫੈਸਲਿਆਂ ਉੱਤੇ ਵੀ ਗ਼ੌਰ ਕਰ ਰਹੇ ਹਾਂ ਅਤੇ ਉੱਥੇ ਹੋਣ ਵਾਲੀਆਂ ਮੀਟਿੰਗਾਂ ਵਿੱਚ ਸਾਡੀ ਭੂਮਿਕਾ ਨੂੰ ਮਾਨਤਾ ਪ੍ਰਾਪਤ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਬਹੁਤ ਸਾਰੀਆਂ ਮੀਟਿੰਗਾਂ ਹੋਣਗੀਆਂ।
ਸਰਬ ਪਾਰਟੀ ਮੀਟਿੰਗ ਤੋਂ ਬਾਅਦ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਪੂਰੇ ਦੇਸ਼ ਦੀ ਸਮੱਸਿਆ ਹੈ। ਸਾਨੂੰ ਲੋਕਾਂ ਅਤੇ ਰਾਸ਼ਟਰ ਦੇ ਹਿੱਤਾਂ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਹਾਲੇ ਉਡੀਕ ਕਰਨ ਤੇ ਵੇਖਣ ਦੀ ਲੋੜ ਹੈ। ਇਸ ਮਾਮਲੇ ’ਤੇ ਸਾਰੀਆਂ ਪਾਰਟੀਆਂ ਦਾ ਇਕੋ ਜਿਹਾ ਵਿਚਾਰ ਹੈ।