Afghanistan Crisis: ਬੇਸ਼ੱਕ ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੋਵੇ। ਬੇਸ਼ੱਕ ਤਾਲਿਬਾਨੀ ਹੁਣ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ। ਪਰ ਅਫਗਾਨਿਸਤਾਨ 'ਚ ਅਜੇ ਵੀ ਲੋਕਤੰਤਰ ਦੀ ਇਕ ਉਮੀਦ ਬਚੀ ਹੋਈ ਹੈ। ਉੱਥੇ ਇਕ ਵੱਡੇ ਲੀਡਰ ਹਨ ਤੇ ਹੁਣ ਵੀ ਦੇਸ਼ ਛੱਡ ਕੇ ਭੱਜੇ ਨਹੀਂ ਸਗੋਂ ਤਾਲਿਬਾਨ ਆਹਮਣੇ-ਸਾਹਮਣੇ ਦੀ ਲੜਾਈ ਦੀ ਗੱਲ ਕਰ ਰਹੇ ਹਨ।


ਦਰਅਸਲ ਤਾਲਿਬਾਨ ਨੇ ਪੂਰੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਪਰ ਅਜੇ ਵੀ ਇਕ ਇਲਾਕਾ ਹੈ ਜਿੱਥੇ ਤਕ ਤਾਲਿਬਾਨ ਨਹੀਂ ਪਹੁੰਚ ਸਕਿਆ। ਉਸ ਇਲਾਕੇ 'ਚ ਇਕ ਲੱਖ ਲੋਕ ਰਹਿੰਦੇ ਹਨ। ਉਨ੍ਹਾਂ ਪਿੱਛੇ ਇਕ ਲੀਡਰ ਖੜਾ ਹੈ ਤੇ ਉਹ ਕਹਿੰਦੇ ਹਨ ਕਿ ਇਹੀ ਹੈ ਕਿ ਸੀਨੇ 'ਤੇ ਗੋਲ਼ੀ ਖਾ ਲਵਾਂਗੇ ਪਰ ਤਾਲਿਬਾਨ ਅੱਗੇ ਝੁਕਾਂਗੇ ਨਹੀਂ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜਦੋਂ ਰਾਸ਼ਟਰਪਤੀ ਅਸ਼ਰਫ ਗਨੀ ਭੱਜ ਨਿੱਕਲੇ ਤਾਂ ਅਜਿਹੇ ਸਮੇਂ ਇਸ ਲੀਡਰ ਨੇ ਤਾਲਿਬਾਨ ਨੂੰ ਲਲਕਾਰਿਆ ਹੈ।


ਇਸ ਲੀਡਰ ਦਾ ਨਾਂਅ ਹੈ ਅਮਰਉੱਲਾਹ ਸਾਲੇਹ। ਸਾਲੇਹ ਗਨੀ ਸਰਕਾਰ 'ਚ ਉਪ ਰਾਸ਼ਟਰਪਤੀ ਸਨ। ਅਮਰਉੱਲਾਹ ਸਾਲੇਹ ਨੇ ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨ ਦਿੱਤਾ ਹੈ ਤੇ ਤਾਲਿਬਾਨ ਖਿਲਾਫ ਆਖਰੀ ਦਮ ਤਕ ਲੜਨ ਦੀ ਗੱਲ ਆਖੀ ਹੈ।


ਉਨ੍ਹਾਂ ਟਵੀਟ ਕਰਕੇ ਕਿਹਾ ਕਿ, 'ਮੈਂ ਮੁਲਖ਼ ਦੇ ਅੰਦਰ ਹਾਂ ਤੇ ਕਾਨੂੰਨੀ ਤੌਰ 'ਤੇ ਮੈਂ ਹੀ ਅਹੁਦੇ ਦਾ ਦਾਅਵੇਦਾਰ ਹਾਂ।' ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦਾ ਸੰਵਿਧਾਨ ਉਨ੍ਹਾਂ ਨੂੰ ਇਸ ਦਾ ਐਲਾਨ ਕਰਨ ਦੀ ਸ਼ਕਤੀ ਦਿੰਦਾ ਹੈ। ਉਨਾਂ ਲਿਖਿਆ ਕਿ ਉਹ ਸਾਰੇ ਲੀਡਰਾਂ ਨਾਲ ਸੰਪਰਕ ਕਾਇਮ ਕਰ ਰਹੇ ਹਨ ਤਾਂ ਕਿ ਉਨ੍ਹਾਂ ਦਾ ਸਮਰਥਨ ਹਾਸਲ ਕੀਤਾ ਜਾ ਸਕੇ ਤੇ ਸਹਿਮਤੀ ਬਣਾਈ ਜਾ ਸਕੇ।


 






ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰਉੱਲਾਹ ਸਾਲੇਹ ਰਾਸ਼ਟਰਪਤੀ ਅਸ਼ਰਫ ਗਨੀ ਵਾਂਗ ਮੁਲਕ ਛੱਡ ਕੇ ਭੱਜੇ ਨਹੀਂ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਾਲੇਹ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਉਨ੍ਹਾਂ ਨੂੰ ਅਫਗਾਨਿਸਤਾਨ ਦੇ ਪੰਜਸ਼ੀਰ 'ਚ ਦੇਖਿਆ ਗਇਆ ਹੈ।


ਸਾਲੇਹ ਨੂੰ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਤੇ ਤਾਲਿਬਾਨ ਵਿਰੋਧੀ ਕਮਾਂਡਰਾਂ ਦੇ ਨਾਲ ਬੈਠਕ ਕਰਦਿਆਂ ਦੇਖਿਆ ਗਿਆ। ਅਮਰਉੱਲਾਹ ਸਾਲੇਹ ਜਿਸ ਪੰਜਸ਼ੀਰ 'ਚ ਡਟੇ ਹਨ ਉਸ ਇਲਾਕੇ ਤੇ ਅਜੇ ਵੀ ਤਾਲਿਬਾਨ ਕਬਜ਼ਾ ਨਹੀਂ ਕਰ ਸਕਿਆ। ਫਿਲਹਾਲ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਤੇ ਸ਼ਾਂਤੀ ਪਰਿਸ਼ਦ ਮੁਖੀ ਅਬਦੁੱਲਾ ਅਬਦੁੱਲਾ ਸਮੇਤ ਕਈ ਅਫਗਾਨ ਲੀਡਰ ਕਾਬੁਲ ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਗੱਲਬਾਤ ਕਰ ਰਹੇ ਹਨ।


ਕੌਣ ਹੈ ਅਮਰਉੱਲਾਹ ਸਾਲੇਹ


ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਣਨ ਵਾਲੇ ਅਮਰਉੱਲਾਹ ਸਾਲੇਹ ਅਫਗਾਨਿਸਤਾਨ ਦੇ ਉਫ ਰਾਸ਼ਟਰਪਤੀ ਸਨ। ਅਬਦੁਲ ਰਸ਼ੀਦ ਦੋਸਤਮ ਤੋਂ ਬਾਅਦ ਉਨ੍ਹਾਂ ਫਰਵਰੀ, 2020 'ਚ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ 2018 ਤੇ 2019 'ਚ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਤੇ 2004 ਤੋਂ 2010 ਤਕ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਦੇ ਮੁਖੀ ਦੇ ਰੂਪ 'ਚ ਅਫਗਾਨਿਸਤਾਨ ਨੂੰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।


ਸਾਲ 1990 'ਚ ਸੋਵੀਅਤ ਸਮਰਥਤ ਅਫਗਾਨ ਫੌਜ 'ਚ ਭਰਤੀ ਹੋਣ ਤੋਂ ਬਚਣ ਲਈ ਸਾਲੇਹ ਵਿਰੋਧੀ ਮੁਜਾਹਿਦੀਨ ਬਲਾਂ 'ਚ ਸ਼ਾਮਲ ਹੋ ਗਏ। ਉਨ੍ਹਾਂ ਗਵਾਂਢੀ ਮੁਲਕ ਪਾਕਿਸਤਾਨ ਤੋਂ ਫੌਜੀ ਟ੍ਰੇਨਿੰਗ ਹਾਸਲ ਕੀਤੀ ਤੇ ਮੁਜਾਹਿਦੀਨ ਕਮਾਂਡਰ ਅਹਿਮਦ ਸ਼ਾਹ ਮਸੂਦ ਦੇ ਤਹਿਤ ਲੜਾਈ ਲੜੀ। 1990 ਦੇ ਦਹਾਕੇ ਦੇ ਅੰਤ 'ਚ ਉਹ ਉੱਤਰੀ ਗਠਜੋੜ ਦੇ ਮੈਂਬਰ ਬਣੇ ਤੇ ਤਾਲਿਬਾਨ ਦੇ ਵਿਸਥਾਰ ਖਿਲਾਫ ਜੰਗ ਲੜੀ।


ਸਾਲੇਹ ਨੂੰ ਖੁੱਲ੍ਹੇ ਤੌਰ 'ਤੇ ਪਾਕਿਸਤਾਨ ਦਾ ਵਿਰੋਧੀ ਤੇ ਭਾਰਤ ਦਾ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ 'ਤੇ ਅਫਗਾਨ ਨੈਸ਼ਨਲ ਇੰਟੈਲੀਜੈਂਸ ਏਜੰਸੀਆਂ ਦਾ ਦੁਰਉਪਯੋਗ ਕਰਕੇ ਪਾਕਿਸਤਾਨ 'ਚ ਅੱਤਵਾਦ ਨੂੰ ਬੜਾਵਾ ਦੇਣ ਦਾ ਇਲਜ਼ਾਮ ਵੀ ਲੱਗਦਾ ਹੈ। ਅਮਰਉੱਲਾਹ ਸਾਲੇਹ ਨੇ ਅਕਤੂਬਰ 1996 'ਚ ਭਾਰਤ 'ਚ ਸਹਾਇਤਾ ਪਾਉਣ ਲਈ ਭਾਰਤੀ ਰਾਜਨਾਇਕ ਮੁਥੂ ਕੁਮਾਰ ਤੇ ਮੁਜਾਹਿਦੀਨ ਕਮਾਂਡਰ ਅਹਿਮਦ ਸ਼ਾਹ ਮਸੂਦ ਦੇ ਵਿਚ ਇਕ ਬੈਠਕ ਵੀ ਕਰਵਾਈ ਸੀ।