Muhammad Jasimuddin Rahmani: ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਨਵੀਂ ਅੰਤਰਿਮ ਸਰਕਾਰ ਨੇ ਕਈ ਵੱਡੇ ਫ਼ੈਸਲੇ ਲਏ ਜੋ ਭਾਰਤ ਲਈ ਖ਼ਤਰਾ ਸਾਬਤ ਹੋ ਸਕਦੇ ਹਨ। ਮੁਹੰਮਦ ਯੂਨਸ (muhammad yunus) ਦੀ ਅਗਵਾਈ ਵਾਲੀ ਸਰਕਾਰ ਨੇ ਅਲਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅੰਸਾਰੁੱਲਾ ਬੰਗਲਾ ਟੀਮ (ABT) ਦੇ ਮੁਖੀ ਜਸ਼ੀਮੁਦੀਨ ਰਹਿਮਾਨੀ (Jasimuddin Rahmani) ਨੂੰ ਰਿਹਾਅ ਕਰ ਦਿੱਤਾ ਹੈ, ਜਿਸ ਤੋਂ ਬਾਅਦ ਭਾਰਤ ਸਮੇਤ ਆਲੇ-ਦੁਆਲੇ ਦੇ ਦੇਸ਼ਾਂ ਲਈ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ।
2013 ਵਿੱਚ ਰਹਿਮਾਨੀ ਨੂੰ ਇੱਕ ਬਲਾਗਰ ਦੀ ਹੱਤਿਆ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਸੀ। ਇਹ ਸੰਗਠਨ ਬੰਗਲਾਦੇਸ਼ ਦੇ ਅੰਦਰ ਅਲ-ਕਾਇਦਾ ਦੀਆਂ ਕੱਟੜਪੰਥੀ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰਦਾ ਹੈ। 2013 ਤੋਂ 2015 ਦਰਮਿਆਨ ਇਸ ਸੰਸਥਾ ਵੱਲੋਂ ਹੀ 5 ਬਲਾਗਰਾਂ ਤੇ ਇੱਕ ਪ੍ਰੋਫੈਸਰ ਦੀ ਹੱਤਿਆ ਕਰ ਦਿੱਤੀ ਗਈ ਸੀ। 2015 ਵਿੱਚ ਸ਼ੇਖ ਹਸੀਨਾ ਦੀ ਸਰਕਾਰ ਨੇ ਇਸ ਸੰਗਠਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ ਤੇ ਰਹਿਮਾਨੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਸੀ। ਹੁਣ ਮੁਹੰਮਦ ਯੂਨਸ ਦੀ ਸਰਕਾਰ ਨੇ ਰਹਿਮਾਨੀ ਨੂੰ ਰਿਹਾਅ ਕਰ ਦਿੱਤਾ ਹੈ।
ਭਾਰਤ ਲਈ ਕਿਉਂ ਚਿੰਤਾ ਦਾ ਵਿਸ਼ਾ
ਅੰਸਾਰੁੱਲਾ ਬੰਗਲਾ ਟੀਮ ਦੇ ਮੁਖੀ ਜਸ਼ੀਮੁਦੀਨ ਰਹਿਮਾਨੀ ਦੀ ਰਿਹਾਈ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਦੀ ਜਥੇਬੰਦੀ ਦੇ ਲੋਕ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਸਮਾਂ ਪਹਿਲਾਂ ਭਾਰਤ ਵਿੱਚ ਏਬੀਟੀ ਨਾਲ ਜੁੜੇ ਲੋਕ ਵੀ ਫੜੇ ਗਏ ਸਨ। ਭਾਰਤੀ ਸੁਰੱਖਿਆ ਬਲਾਂ ਨੇ ਏਬੀਟੀ ਦੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਮਈ 2024 ਵਿੱਚ ਅਸਾਮ ਪੁਲਿਸ ਨੇ ਗੁਹਾਟੀ ਰੇਲਵੇ ਸਟੇਸ਼ਨ ਤੋਂ ਏਬੀਟੀ ਦੇ 2 ਅੱਤਵਾਦੀਆਂ ਨੂੰ ਫੜਿਆ ਸੀ।
ਏਬੀਟੀ ਨੇ ਭਾਰਤ ਦੇ ਉੱਤਰ-ਪੂਰਬੀ ਖੇਤਰਾਂ ਵਿੱਚ ਕਈ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਯੋਜਨਾ ਵੀ ਬਣਾਈ ਸੀ, ਜਿਸ ਲਈ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਨੇ ਸਹਿਯੋਗ ਕੀਤਾ ਸੀ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਰਹਿਮਾਨੀ ਦੀ ਰਿਹਾਈ ਤੋਂ ਪਹਿਲਾਂ ਏਬੀਟੀ ਦੇ ਮੁਖੀ ਇਕਰਾਮੁਲ ਹੱਕ ਉਰਫ਼ ਅਬੂ ਤਲਹਾ ਸਮੇਤ 500 ਕੈਦੀ ਜੇਲ੍ਹ ਵਿੱਚੋਂ ਫ਼ਰਾਰ ਹੋ ਚੁੱਕੇ ਹਨ। ਦੱਸ ਦਈਏ ਕਿ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਬੰਗਲਾਦੇਸ਼ 'ਚ ਕਾਫੀ ਸਿਆਸੀ ਉਥਲ-ਪੁਥਲ ਮਚ ਗਈ ਸੀ, ਜਿਸ 'ਚ 6 ਅਗਸਤ ਨੂੰ ਭੀੜ ਨੇ ਜੇਲ 'ਤੇ ਹਮਲਾ ਕਰਕੇ ਅੱਤਵਾਦੀਆਂ ਨੂੰ ਭਜਾ ਦਿੱਤਾ ਸੀ।