Abullahi Yare Killed : ਅੱਤਵਾਦੀ ਸੰਗਠਨ (Terrorist Organisation) ਅਲ-ਸ਼ਬਾਬ (Al-Shabab) ਦਾ ਟਾਪ ਲੀਡਰ ਅਬੁੱਲਾਹੀ ਯਾਰੇ (Abdullahi Yare) ਇੱਕ ਸਾਂਝੇ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਐਲਾਨ ਸੋਮਾਲੀ ਸਰਕਾਰ ਨੇ ਕੀਤਾ ਹੈ। ਅੱਤਵਾਦੀ ਅਬਦੁੱਲਾਹੀ ਦੱਖਣੀ ਸੋਮਾਲੀਆ 'ਚ ਮਾਰਿਆ ਗਿਆ ਹੈ ਅਤੇ ਉਸ 'ਤੇ 30 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਗਿਆ ਸੀ। ਸੂਚਨਾ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਇਸ ਅੱਤਵਾਦੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਸੂਚਨਾ ਮੰਤਰਾਲੇ ਨੇ ਐਤਵਾਰ ਰਾਤ ਨੂੰ ਹੀ ਆਪਣਾ ਬਿਆਨ ਲਿਖਿਆ ਸੀ ਪਰ ਇਸ ਨੂੰ ਸੋਮਵਾਰ ਨੂੰ ਪੋਸਟ ਕਰ ਦਿੱਤਾ ਗਿਆ। ਬਿਆਨ ਦੇ ਅਨੁਸਾਰ 1 ਅਕਤੂਬਰ ਨੂੰ ਸੋਮਾਲੀ ਸੈਨਾ ਅਤੇ ਅੰਤਰਰਾਸ਼ਟਰੀ ਸੁਰੱਖਿਆ ਭਾਈਵਾਲਾਂ ਨੇ ਤੱਟਵਰਤੀ ਸ਼ਹਿਰ ਹਰਮਕਾ ਦੇ ਨੇੜੇ ਡਰੋਨ ਹਮਲੇ ਕੀਤੇ, ਜਿਸ ਵਿੱਚ ਅਬਦੁੱਲਾਹੀ ਯਾਰੇ ਮਾਰਿਆ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਬਾਬ ਸਮੂਹ ਦੇ ਸਭ ਤੋਂ ਬਦਨਾਮ ਮੈਂਬਰਾਂ ਵਿੱਚੋਂ ਇੱਕ ਸੀ ਅਤੇ ਇੱਕ ਪ੍ਰਮੁੱਖ ਪ੍ਰਚਾਰਕ ਵੀ ਸੀ।
ਸ਼ੂਰਾ ਕੌਂਸਲ ਦਾ ਸਾਬਕਾ ਪ੍ਰਮੁੱਖ ਵੀ ਰਿਹਾ ਅਬਦੁੱਲਾਹੀ
ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਡਰੋਨ ਹਮਲੇ 'ਚ ਮਾਰਿਆ ਗਿਆ ਅੱਤਵਾਦੀ ਅਬਦੁੱਲਾਹੀ ਯਾਰੇ ਸ਼ੂਰਾ ਕੌਂਸਲ ਦਾ ਸਾਬਕਾ ਮੁਖੀ ਵੀ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਉਹ ਪੈਸਿਆਂ ਦੇ ਲੈਣ-ਦੇਣ ਦਾ ਵੀ ਧਿਆਨ ਰੱਖਦਾ ਸੀ। ਇਸ ਤੋਂ ਇਲਾਵਾ ਅਬਦੁੱਲਾਹੀ ਨੂੰ ਅਹਿਮਦ ਦਿਰਯਾਹ ਨਾਲ ਜੁੜੇ ਅੰਦੋਲਨ ਦਾ ਆਗੂ ਵੀ ਮੰਨਿਆ ਜਾਂਦਾ ਸੀ। ਮੰਤਰਾਲੇ ਨੇ ਕਿਹਾ ਹੈ ਕਿ ਅਬਦੁੱਲਾਹੀ ਦਾ ਖਾਤਮਾ ਸੋਮਾਲੀਆ ਦੇਸ਼ ਲਈ ਵੱਡੀ ਰਾਹਤ ਦੀ ਗੱਲ ਹੈ।
ਅਮਰੀਕਾ ਨੇ ਰੱਖਿਆ ਸੀ 3 ਮਿਲੀਅਨ ਡਾਲਰ ਦਾ ਇਨਾਮ
ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਪਿਛਲੇ ਮਹੀਨੇ ਹੀ ਨਾਗਰਿਕਾਂ ਨੂੰ ਅਲ-ਸ਼ਬਾਬ ਦੇ ਕੰਟਰੋਲ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਅੱਤਵਾਦੀਆਂ ਖਿਲਾਫ ਹਮਲੇ ਤੇਜ਼ ਕਰਨ ਦੀ ਗੱਲ ਵੀ ਕਹੀ ਸੀ।