ਇਸਲਾਮਾਬਾਦ: ਭਾਰਤ ਦੇ ਸਰਜੀਕਲ ਸਟ੍ਰਾਇਕ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਪਾਕਿਸਤਾਨ ਨੇ ਅੱਜ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ ਹੈ। ਭਾਰਤ ਖਿਲਾਫ ਰਾਜਨੀਤਕ ਮੋਰਚਾਬੰਦੀ ਦੀਆਂ ਪਾਕਿਸਤਾਨੀ ਕੋਸ਼ਿਸ਼ਾਂ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਿਆ ਜਦੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਮੁੱਖ ਇਮਰਾਨ ਖਾਨ ਨੇ ਸੰਯੁਕਤ ਸੈਸ਼ਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਵਿੱਚ ਹਿੱਸਾ ਲੈਣ ਦਾ ਮਤਲਬ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸਮਰਥਨ ਦੇਣਾ ਹੋਵੇਗਾ।

ਭਾਰਤ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਇਕ 'ਤੇ ਚਰਚਾ ਕਰਨ ਲਈ ਨਵਾਜ਼ ਸ਼ਰੀਫ ਨੇ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ ਸੀ। ਪਾਰਟੀ ਦੀ ਬੈਠਕ ਤੋਂ ਬਾਅਦ ਇਮਰਾਨ ਨੇ ਕਿਹਾ ਕਿ ਸੈਸ਼ਨ ਵਿੱਚ ਹਿੱਸਾ ਲੈਣ ਦਾ ਮਤਲਬ ਸ਼ਰੀਫ ਦੀ ਪ੍ਰਧਾਨਗੀ ਨੂੰ ਸਮਰਥਨ ਦੇਣਾ ਹੋਵੇਗਾ, ਜਿਸ ਨੂੰ ਉਹ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਲੈ ਕੇ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲੈ ਕੇ ਸਾਡਾ ਰੁਖ ਸਾਫ ਹੈ ਪਰ ਪਨਾਮਾ ਪੇਪਰ ਲੀਕ ਮਾਮਲੇ ਵਿੱਚ ਉਹ ਆਪਣਾ ਨੈਤਿਕ ਹੱਕ ਖੋ ਚੁੱਕੇ ਹਨ। ਇਮਰਾਨ ਨੇ ਕਿਹਾ ਕਿ ਪੇਸ਼ਾਵਰ ਵਿੱਚ ਸਕੂਲ 'ਤੇ ਹੋਏ ਹਮਲੇ ਤੋਂ ਬਾਅਦ ਅੱਤਵਾਦ ਨੂੰ ਖਤਮ ਕਰਨ ਦਾ ਐਲਾਨ ਰਾਸ਼ਟਰੀ ਕਾਰਜ ਯੋਜਨਾ ਨੂੰ ਲਾਗੂ ਕਰਨ ਵਿੱਚ ਵੀ ਨਾਕਾਮ ਰਹੇ ਹਨ। ਮੌਜ਼ੂਦਾ ਤਣਾਅ ਵਿੱਚ ਭਾਰਤ ਨੂੰ ਮਜ਼ਬੂਤੀ ਨਾਲ ਜਵਾਬ ਨਾ ਦੇਣ ਲਈ ਵੀ ਇਮਰਾਨ ਨੇ ਸ਼ਰੀਫ ਨੂੰ ਨਿਸ਼ਾਨੇ 'ਤੇ ਲਿਆ।