ਵਰਜਿਨੀਆ: ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਸ਼ਖ਼ਸ ਨੇ ਵਰਜਿਨੀਆ ਬੀਚ 'ਤੇ ਮਿਊਂਸਪਲ ਇਮਾਰਤ ਵਿੱਚ ਤਾਬੜਤੋੜ ਗੋਲ਼ੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ ਕਰੀਬ 11 ਜਣਿਆਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਖ਼ਸ ਨੇ ਗੋਲ਼ੀ ਚਲਾਈ, ਉਹ ਕਾਫੀ ਸਮੇਂ ਤੋਂ ਵਰਜੀਨੀਆ ਦੇ ਇੱਕ ਸਰਕਾਰੀ ਦਫ਼ਤਰ ਵਿੱਚ ਕੰਮ ਕਰਦਾ ਸੀ।

ਫਾਇਰਿੰਗ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗੋਲ਼ੀ ਲੱਗੀ। ਫਾਇਰਿੰਗ ਕਰਨ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ। ਪੁਲਿਸ ਮੁਤਾਬਕ ਹਮਲਾਵਰ ਸ਼ਖ਼ਸ ਵਰਜੀਨੀਆ ਬੀਚ ਮਿਊਂਸਪਲ ਸੈਂਟਰ ਦਾ ਹੀ ਮੁਲਾਜ਼ਮ ਹੈ ਤੇ ਉਸ ਨੇ ਆਪਣੇ ਦਫ਼ਤਰ ਵਿੱਚ ਵੀ ਫਾਇਰਿੰਗ ਕੀਤੀ। ਹਾਲਾਂਕਿ ਹਾਲੇ ਤਕ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਦੱਸਿਆ ਗਿਆ ਹੈ ਕਿ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਉਹ ਮਾਰਿਆ ਗਿਆ ਹੈ।

ਰਾਜ ਗਵਰਨਰ ਰਾਲਫ ਨਾਰਥ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਸ਼ੁਰੂਆਤੀ ਜਾਂਚ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਇਸ ਘਟਨਾ ਵਿੱਚ ਇਕੱਲਾ ਹੀ ਸੀ। ਘਟਨਾ ਤੋਂ ਬਾਅਦ ਆਸ-ਪਾਸ ਦੀਆਂ ਸਾਰੀਆਂ ਇਮਾਰਤਾਂ ਖਾਲੀ ਕਰ ਲਈਆਂ ਗਈਆਂ ਹਨ। ਐਫਬੀਆਈ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।