ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਹੈ ਕਿ ਭਾਰਤ ਨੇ ਅਮਰੀਕਾ ਤੋਂ ਮਦਦ ਲੈਣ ਤੋਂ ਬਾਅਦ ਖੁਰਾਕ ਸੁਰੱਖਿਆ ਦੇ ਮਾਮਲੇ 'ਚ ਆਤਮ-ਨਿਰਭਰ ਬਣਨ ਦੀ ਦਿਸ਼ਾ 'ਚ ਕਾਫੀ ਦੂਰੀ ਤੈਅ ਕੀਤੀ ਹੈ। ਅਮਰੀਕੀ ਡਿਪਲੋਮੈਟ ਨੇ ਕਿਹਾ ਕਿ ਭਾਰਤ ਨੇ ਖੁਰਾਕ ਸੁਰੱਖਿਆ ਦੇ ਮਾਮਲੇ 'ਚ ਵਧੀਆ ਕੰਮ ਕੀਤਾ ਹੈ ਅਤੇ ਹੁਣ ਭਾਰਤ ਬਰਾਮਦਕਾਰ ਬਣ ਗਿਆ ਹੈ।


ਦੱਸ ਦਈਏ ਕਿ ਫਿਜੀ ਵਿੱਚ 'ਯੂ.ਐਸ ਇੰਡੋ ਪੈਸੀਫਿਕ ਕਮਾਂਡ ਚੀਫ ਆਫ ਡਿਫੈਂਸ' ਕਾਨਫਰੰਸ ਹੋਈ। ਇਸ ਦੌਰਾਨ ‘ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ’ ਦੀ ਪ੍ਰਸ਼ਾਸਕ ਸਮੰਥਾ ਪਾਵਰ ਨੇ ਕਿਹਾ ਕਿ ਇੱਕ ਦੇਸ਼ ਵਿੱਚ ਨਿਵੇਸ਼ ਕਰਨ ਨਾਲ ਦੂਜੇ ਦੇਸ਼ਾਂ ਨੂੰ ਵੀ ਫਾਇਦਾ ਹੁੰਦਾ ਹੈ।


ਇਸਤੋਂ ਇਲਾਵਾ ਸਮੰਥਾ ਪਾਵਰ ਨੇ ਭਾਰਤ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਭੋਜਨ ਸੁਰੱਖਿਆ 'ਤੇ ਹੀ ਕਹੀਏ ਤਾਂ ਭਾਰਤ ਵਿੱਚ 1960 ਦੇ ਦਹਾਕੇ ਦੇ ਸ਼ੁਰੂ ਵਿੱਚ, ਅਸੀਂ ਵਿਗਿਆਨੀਆਂ ਅਤੇ ਸਥਾਨਕ ਕਿਸਾਨਾਂ ਦੇ ਸਹਿਯੋਗ ਨਾਲ ਉੱਚ-ਉਪਜ ਵਾਲੇ ਬੀਜ ਵਿਕਸਿਤ ਕੀਤੇ ਅਤੇ ਵੰਡੇ। ਅਗਲੇ ਦੋ ਦਹਾਕਿਆਂ ਦੌਰਾਨ, ਉਨ੍ਹਾਂ ਬੀਜਾਂ ਦੀ ਮਦਦ ਨਾਲ, ਭਾਰਤ ਨੇ ਆਪਣੇ ਚੌਲਾਂ ਦੇ ਉਤਪਾਦਨ ਵਿੱਚ 50 ਪ੍ਰਤੀਸ਼ਤ ਅਤੇ ਕਣਕ ਦੇ ਉਤਪਾਦਨ ਵਿੱਚ 230 ਪ੍ਰਤੀਸ਼ਤ ਦਾ ਵਾਧਾ ਕੀਤਾ। ਭਾਰਤ ਵਿਚ ਹਰੀ ਕ੍ਰਾਂਤੀ ਆਈ ਅਤੇ ਇਸ ਵਧੀ ਹੋਈ ਖੇਤੀ ਪੈਦਾਵਾਰ ਦਾ ਲਾਭ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਮਿਲਿਆ।


 ਸਮੰਥਾ ਪਾਵਰ ਨੇ ਕਿਹਾ ਕਿ ਭਾਰਤ ਆਪਣੀ ਅਦਭੁਤ ਵਿਕਾਸ ਪ੍ਰਕਿਰਿਆ ਨੂੰ ਆਪਣੀਆਂ ਸਰਹੱਦਾਂ ਤੋਂ ਬਾਹਰ ਵੀ ਵਧਾ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਨਿਰਯਾਤਕ ਦੇਸ਼ ਹੈ ਅਤੇ ਵਿਸ਼ਵ ਚੌਲਾਂ ਦੇ ਵਪਾਰ ਦਾ 40 ਫੀਸਦੀ ਭਾਰਤ ਇਕੱਲਾ ਹੀ ਨਿਰਯਾਤ ਕਰਦਾ ਹੈ। 2022 ਵਿੱਚ, ਭਾਰਤ ਨੇ 140 ਦੇਸ਼ਾਂ ਨੂੰ 9.66 ਬਿਲੀਅਨ ਅਮਰੀਕੀ ਡਾਲਰ ਦੇ 22 ਮਿਲੀਅਨ ਟਨ ਚਾਵਲ ਦਾ ਨਿਰਯਾਤ ਕੀਤਾ।


ਦੱਸ ਦਈਏ ਕਿ ਦੇਸ਼ 'ਚ ਚੌਲਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਨੇ 20 ਜੁਲਾਈ ਨੂੰ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਕਾਰਨ ਭਾਰਤ ਤੋਂ ਬਰਾਮਦ ਹੋਣ ਵਾਲੇ 25 ਫੀਸਦੀ ਚੌਲਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


ਚੌਲਾਂ ਦਾ ਵਪਾਰੀਕਰਨ ਭਾਰਤ ਵਿੱਚ ਵੀ ਕੀਤਾ ਜਾਂਦਾ ਹੈ, ਇੱਥੇ ਵੀ ਭਾਰੀ ਗਿਣਤੀ ਵਿੱਚ ਲੋਕ ਚੌਲ ਖਾਣਾ ਪਸੰਦ ਕਰਦੇ ਹਨ।