ਵਾਸ਼ਿੰਗਟਨ: ਸਿਆਟਲ ਵਿੱਚ ਰਹਿਣ ਵਾਲੇ ਸਮਾਜਿਕ ਕਾਰਕੁਨ ਐਲਨ ਨਾਈਮੈਨ (63) ਨੇ ਮਰਨ ਤੋਂ ਪਹਿਲਾਂ ਗਰੀਬ ਬੱਚਿਆਂ ਲਈ 11 ਮਿਲੀਅਨ ਡਾਲਰ (ਲਗਪਗ 77 ਕਰੋੜ ਰੁਪਏ) ਦਾਨ ਕਰ ਦਿੱਤੇ। ਵੱਡੀ ਗੱਲ ਇਹ ਹੈ ਕਿ ਐਲਨ ਦੇ ਨਜ਼ਦੀਕੀ ਦੋਸਤਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ। ਇਸੇ ਸਾਲ ਜਨਵਰੀ ਵਿੱਚ ਐਲਨ ਦੀ ਕੈਂਸਰ ਦੀ ਬਿਮਾਰੀ ਕਰਕੇ ਮੌਤ ਹੋ ਗਈ ਸੀ। ਹਾਲ ਹੀ ਵਿੱਚ ਉਨ੍ਹਾਂ ਦੀ ਵਸੀਅਤ ਤੋਂ ਉਨ੍ਹਾਂ ਦੇ ਦਾਨ ਬਾਰੇ ਪਤਾ ਚੱਲਿਆ। ਬੱਚਿਆਂ ਲਈ ਕੰਮ ਕਰਨ ਦੀ ਵਜ੍ਹਾ ਕਰਕੇ ਉਨ੍ਹਾਂ 30 ਸਾਲ ਪਹਿਲਾਂ ਬੈਂਕਿੰਗ ਸਰਵਿਸ ਛੱਡ ਦਿੱਤੀ ਸੀ। ਐਲਨ ਬੇਹੱਦ ਖ਼ਰਚੀਲੇ ਸੀ ਤੇ ਉਨ੍ਹਾਂ ਵਿਆਹ ਨਹੀਂ ਕਰਵਾਇਆ ਸੀ।
ਇਸ ਸਬੰਧੀ ਐਲਨ ਨਾਲ ਕੰਮ ਕਰ ਚੁੱਕੀ ਮੈਰੀ ਮੋਨਾਹਨ ਨੇ ਕਿਹਾ ਕਿ ਐਲਨ ਦੇ ਇਸ ਕਦਮ ਨਾਲ ਹਰ ਕੋਈ ਹੈਰਾਨ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਐਲਨ ਨੇ ਇੰਨੀ ਵੱਡੀ ਰਕਮ ਦਾਨ ਕਿਵੇਂ ਕੀਤੀ? ਕੈਂਸਰ ਦਾ ਪਤਾ ਚੱਲਣ ’ਤੇ ਉਨ੍ਹਾਂ ਕਿਹਾ ਸੀ ਕਿ ਮਰਨ ਤੋਂ ਪਹਿਲਾਂ ਉਹ ਸਭ ਕੁਝ ਦਾਨ ਕਰ ਦੇਣਗੇ। ਮੋਨਾਹਨ ਮੁਤਾਬਕ ਉਨ੍ਹਾਂ ਨੇ ਸਮਾਜ ਸੇਵਾ ਵਿੱਚ ਆਰਥਕ ਤੌਰ ’ਤੇ ਲਾਚਾਰ ਤੇ ਸਰੀਰਕ ਤੌਰ ’ਤੇ ਕਮਜ਼ੋਰ ਬੱਚਿਆਂ ਨਾਲ ਕੰਮ ਕੀਤਾ। ਉਨ੍ਹਾਂ ਨੂੰ ਲੱਗਦਾ ਸੀ ਕਿ ਦੁਨੀਆ ਵਿੱਚ ਕਈ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਬਹੁਤ ਕੁਝ ਦਿੱਤੇ ਜਾਣ ਦੀ ਲੋੜ ਹੈ।
ਹੁਣ ਐਲਨ ਦੀ ਜਾਇਦਾਦ ਚੈਰਿਟੀ ਸੰਗਠਨਾਂ ਵਿੱਚ ਵੰਡੀ ਜਾਏਗੀ। ਬੱਚਿਆਂ ਦੇ ਚੈਰਿਟੀ ਸੰਗਠਨ ਟ੍ਰੀਹਾਊਸ ਦੇ ਚੀਫ਼ ਡਵੈਲਪਮੈਂਟ ਅਫ਼ਸਰ ਜੈਸਿਕਾ ਰੌਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਐਲਨ ਨੇ ਉਨ੍ਹਾਂ ਨੂੰ 5 ਹਜ਼ਾਰ ਡਾਲਰ (ਲਗਪਗ 3.5 ਲੱਖ ਰੁਪਏ) ਦਾਨ ਕੀਤੇ ਸੀ। ਉਨ੍ਹਾਂ ਦੀ ਵਸੀਅਤ ਵਿੱਚੋਂ ਰੌਸ ਦੀ ਸੰਸਥਾ ਨੂੰ 9 ਲੱਖ ਡਾਲਰ ਮਿਲੇ ਹਨ।